ਖੇਤਰੀ ਪ੍ਰਤੀਨਿਧ
ਬਰਨਾਲਾ, 7 ਅਗਸਤ
ਹਾਇਰ ਐਜੂਕੇਸ਼ਨ ਇੰਸਟੀਚਿਊਟ ਐਂਪਲਾਈਜ਼ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਇਥੇ ਉੱਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ। ਸਰਕਾਰੀ ਕਾਲਜਾਂ ਦੇ ਪ੍ਰੋਫੈ਼ਸਰਾਂ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਕੀਤੇ ਗਏ ਇਸ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਲਜਾਂ ਦੀਆਂ ਸੁਸਾਇਟੀਆਂ ਦਾ ਕੇਂਦਰੀਕਰਨ ਕਰਕੇ ਇੱਕੋ ਨਿਯਮ ਨਿਰਧਾਰਿਤ ਕਰਨ ਦੀ ਮੰਗ ਕੀਤੀ ਗਈ।
ਸੂਬਾਈ ਆਗੂ ਪ੍ਰੋ. ਹੇਮੰਤ ਵਾਟਸ ਨੇ ਦੱਸਿਆ ਕਿ ਸਰਕਾਰੀ ਕਾਲਜਾਂ ਵਿੱਚ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਨਾਮ ’ਤੇ ਵੱਖ-ਵੱਖ ਕੋਰਸ ਚਲਾਏ ਜਾਂਦੇ ਹਨ, ਜਿਸ ਦੀ ਮਨਜ਼ੂਰੀ 2006 ਵਿੱਚ ਕਾਂਗਰਸ ਸਰਕਾਰ ਨੇ ਦਿੱਤੀ ਸੀ। ਉਸ ਵੇਲੇ ਸਰਕਾਰ ਨੇ ਇਹ ਵੀ ਹਿਦਾਇਤ ਕੀਤੀ ਸੀ ਕਿ ਇੱਕ ਸਾਲ ਬਾਅਦ ਇਹ ਸੁਸਾਇਟੀਆਂ ਇਕੱਠੀਆਂ ਕਰਕੇ ਇੱਕ ਪੰਜਾਬ ਪੱਧਰ ਦੀ ਸੁਸਾਇਟੀ ‘ਪੰਜਾਬ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਈਟੀ’ ਬਣਾਈ ਜਾਵੇਗੀ, ਪਰ ਇਹ ਸੁਸਾਇਟੀ ਹਾਲੇ ਤੱਕ ਨਹੀਂ ਬਣਾਈ ਗਈ।
ਉਨ੍ਹਾਂ ਦੱਸਿਆ ਕਿ ਕਾਲਜਾਂ ਦੀਆਂ ਇਨ੍ਹਾਂ ਸੁਸਾਈਟੀਆਂ ਲਈ ਹਰੇਕ ਕਾਲਜ ਆਪਣੇ ਅਨੁਸਾਰ ਨਿਯਮ ਬਣਾਉਂਦਾ ਤੇ ਲਾਗੂ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸਰਕਾਰ ਕਾਲਜ ਵਿੱਚ ਰੱਖੇ ਸਹਾਇਕ ਪ੍ਰੋਫੈ਼ਸਰਾਂ ਦੀਆਂ ਤਨਖਾਹਾਂ, ਉਨ੍ਹਾਂ ਨੂੰ ਰਿਲੀਵ ਕਰਨ ਦਾ ਸਮਾਂ, ਛੁੱਟੀਆਂ ਦੀ ਤਰਤੀਬ, ਕਾਲਜ ਰੁਕਣ ਦਾ ਸਮਾਂ ਆਦਿ ਵੱਖ-ਵੱਖ ਹਨ, ਜਿਨ੍ਹਾਂ ਕਰਕੇ ਸਹਾਇਕ ਪ੍ਰੋਫੈ਼ਸਰ ਸਿਰਫ਼ 15 ਤੋਂ 20 ਹਜ਼ਾਰ ਰੁਪਏ ’ਤੇ ਕੰਮ ਕਰਨ ਲਈ ਮਜਬੂਰ ਹਨ।
ਪ੍ਰੋ. ਗਗਨਦੀਪ ਕੁਮਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਸਰਕਾਰੀ ਕਾਲਜਾਂ ਵਿੱਚ ਚੱਲ ਰਹੀਆਂ ਵੱਖ-ਵੱਖ ਸੁਸਾਇਟੀਆਂ ਦਾ ਕੇਂਦਰੀਕਰਨ ਕਰਕੇ ਸੂਬਾ ਪੱਧਰੀ ਸੁਸਾਇਟੀ ਬਣਾਈ ਜਾਵੇ ਤੇ ਸੁਸਾਇਟੀਆਂ ਦੇ ਕਰਮਚਾਰੀਆਂ ’ਤੇ ਇੱਕੋ ਤਰ੍ਹਾਂ ਦੇ ਨਿਯਮ ਨਿਰਧਾਰਿਤ ਕੀਤੇ ਜਾਣ।
ਜਥੇਬੰਦੀ ਨੇ ਦਲੀਲ ਦਿੱਤੀ ਕਿ ਇਨ੍ਹਾਂ ਸੁਸਾਇਟੀਆਂ ਦਾ ਫੰਡ ਕਰੋੜਾਂ ਰੁਪਏ ਵਿੱਚ ਹੈ ਤੇ ਜੇਕਰ ਸਰਕਾਰ ਇਸ ਫੰਡ ਨੂੰ ਇੱਕਠਾ ਕਰਕੇ ਸੂਬਾ ਪੱਧਰੀ ਸੁਸਾਇਟੀ ਬਣਦੀ ਹੈ ਤਾਂ ਇਸ ਨਾਲ ਸਰਕਾਰ ’ਤੇ ਵੀ ਕੋਈ ਵਾਧੂ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਦੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਤੈਅ ਕਰਵਾਉਣ ਮਗਰੋਂ ਇਹ ਧਰਨਾ ਸਮਾਪਤ ਕੀਤਾ ਗਿਆ।