ਬੇਅੰਤ ਸੰਘ ਸੰਧੂ
ਪੱਟੀ, 28 ਅਕਤੂਬਰ
ਇਲਾਕੇ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਨਸ਼ੇ ਦੀ ਪੂਰਤੀ ਕਰਨ ਲਈ ਜ਼ਮੀਨ ਵੇਚਣ ਤੋਂ ਰੋਕਣ ਕਾਰਨ 11 ਅਕਤੂਬਰ ਨੂੰ ਗੁਰਸਾਹਬ ਸਿੰਘ ਵੱਲੋਂ ਆਪਣੀ ਪਤਨੀ ਸੰਦੀਪ ਕੌਰ ਦਾ ਕਤਲ ਕੀਤਾ ਗਿਆ ਸੀ। ਪੁਲੀਸ ਥਾਣਾ ਕੱਚਾ ਪੱਕਾ ਅੰਦਰ ਕਤਲ ਦੇ ਮਾਮਲੇ ‘ਚ ਆਈ ਪੀ ਸੀ ਧਾਰਾ 302, 120 ਤਹਿਤ ਮ੍ਰਿਤਕ ਦੇ ਪਤੀ ਸਮੇਤ ਤਿੰਨ ਹੋਰ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕਰਕੇ ਗੁਰਸਾਹਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਕੀ ਤਿੰਨ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲੀਸ ਵੱਲੋਂ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਕਰਨ ਕਰਕੇ ਮ੍ਰਿਤਕ ਸੰਦੀਪ ਕੌਰ ਦੇ ਮਾਤਾ-ਪਿਤਾ ਅਤੇ ਕਿਸਾਨ ਮਜ਼ਦੂਰ ਤਾਲਮੇਲ ਸਘੰਰਸ਼ ਕਮੇਟੀ ਦੇ ਆਗੂ ਕਾਮਰੇਡ ਚਮਨ ਲਾਲ ਦਰਾਜਕੇ, ਦਲੇਰ ਸਿੰਘ ਰਾਜੋਕੇ, ਬਲਦੇਵ ਸਿੰਘ ਵਲਟੋਹਾ, ਹਰਜਿੰਦਰ ਸਿੰਘ ਚੂੰਘ, ਬਖਸ਼ੀਸ ਸਿੰਘ ਬਹਾਦਰਕੇ ਵੱਲੋਂ ਥਾਣਾ ਕੱਚਾਪੱਕਾ ਅੱਗੇ ਧਰਨਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸੰਦੀਪ ਕੌਰ ਦਾ ਕਤਲ ਜ਼ਮੀਨ ਨੰ ਹੜੱਪਣ ਲਈ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਤੇ ਮੁੱਕਦਮੇ ਅੰਦਰ ਦਰਜ ਦੋਸ਼ੀਆਂ ਨੂੰ ਪੁਲੀਸ ਗ੍ਰਿਫਤਾਰ ਨਹੀਂ ਕਰ ਰਹੀ, ਸਗੋਂ ਕਤਲ ਦੇ ਮੁਕੱਦਮੇ ਨੂੰ ਲਮਕਾਇਆਂ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਫਾਇਦਾ ਦਿੱਤਾ ਜਾ ਸਕੇ। ਇਸ ਮੌਕੇ ਪੁਲੀਸ ਦੇ ਉਚ ਅਧਿਕਾਰੀ ਹਾਜ਼ਰ ਨਾ ਹੋਣ ਕਰਕੇ ਕੱਚਾਪੱਕਾ ਥਾਣਾ ਦੇ ਐੱਸਆਈ ਗੁਰਮੁੱਖ ਸਿੰਘ ਵੱਲੋਂ ਧਰਨਾਕਾਰੀਆਂ ਦੀ ਗੱਲ ਉੱਚ ਅਧਿਕਾਰੀਆਂ ਨਾਲ ਕਰਵਾਈ ਤੇ ਪੁਲੀਸ ਦੇ ਉੱਚ ਅਫਸਰਾਂ ਵੱਲੋਂ ਧਰਨਾਕਾਰੀਆਂ ਨਾਲ ਮੀਟਿੰਗ ਕਰਨ ਦਾ ਵਿਸ਼ਵਾਸ ਦੇਣ ’ਤੇ ਧਰਨਾ ਖਤਮ ਕੀਤਾ ਗਿਆ।