ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਗਸਤ
ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਠੇਕੇਦਾਰਾਂ ਵੱਲੋਂ ਦਿ ਹੌਟ ਮਿਕਸ ਪਲਾਂਟ ਓਨਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਖ਼ਿਲਾਫ਼ ਅੱਜ ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਲਾਇਆ ਗਿਆ। ਇਸ ਦੌਰਾਨ ਨਵੀਂ ਮਾਈਨਿੰਗ ਪਾਲਿਸੀ ਨੂੰ ਠੇਕੇਦਾਰ ਅਤੇ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਆਹਲੂਵਾਲੀਆ ਅਤੇ ਮੀਤ ਪ੍ਰਧਾਨ ਸੁਨੀਲ ਚਾਵਲਾ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਹੈ ਉਦੋਂ ਤੋਂ ਰੇਤਾ, ਬਜਰੀ, ਪੱਥਰ ਆਦਿ ਮਿਲਣਾ ਬਿਲਕੁਲ ਬੰਦ ਹੋ ਗਿਆ ਹੈ। ਨਵੀਂ ਮਾਈਨਿੰਗ ਪਾਲਿਸੀ ਬਣਾਉਣ ਦੀ ਆੜ ਹੇਠ ਸਰਕਾਰ ਨੇ ਸੂਬੇ ਦੇ ਸਾਰੇ ਕਰੱਸ਼ਰ ਬੰਦ ਕਰ ਦਿੱਤੇ, ਜਿਸ ਕਾਰਨ ਸੜਕਾਂ ਬਣਾਉਣ ਦਾ ਸਾਰਾ ਕੰਮ ਠੱਪ ਹੋ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੀ ਮਾਈਨਿੰਗ ਪਾਲਿਸੀ ਬਣਾਈ ਹੈ ਉਸ ਨਾਲ ਰੇਟ ਪ੍ਰਤੀ ਟਰੱਕ 15 ਹਜ਼ਾਰ ਰੁਪਏ ਵਧ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨਾਲ ਠੇਕੇਦਾਰਾਂ ਨੂੰ ਇੱਕ ਕਿਲੋਮੀਟਰ ਸੜਕ ਬਣਾਉਣ ਵਿਚ ਡੇਢ ਲੱਖ ਰੁਪਏ ਦਾ ਘਾਟਾ ਪਵੇਗਾ ਜਿਸ ਨਾਲ ਠੇਕੇਦਾਰ, ਮਜ਼ਦੂਰ ਅਤੇ ਪੱਥਰ ਕੁੱਟਣ ਵਾਲੀ ਲੇਬਰ ਦਾ ਬਰਬਾਦ ਹੋਣਾ ਤੈਅ ਹੈ।
ਆਗੂਆਂ ਨੇ ਕਿਹਾ ਕਿ ਪਹਿਲਾਂ ਠੇਕੇਦਾਰਾਂ ਨੂੰ 12 ਫ਼ੀਸਦੀ ਜੀਐੱਸਟੀ ਨਾਲ ਟੈਂਡਰ ਮਿਲੇ ਹੋਏ ਹਨ ਪਰ ਹੁਣ ਕੇਂਦਰ ਸਰਕਾਰ ਵੱਲੋਂ ਜੀਐੱਸਟੀ 18 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਨਾਲ ਜੀਐੱਸਟੀ 6 ਫ਼ੀਸਦੀ ਵਧ ਗਈ ਹੈ ਜੋ ਠੇਕੇਦਾਰ ਨੂੰ ਦੇਣੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਡੀਜ਼ਲ , ਐਲਡੀਓ ਤੇਲ , ਲੇਬਰ ਅਤੇ ਕਿਰਾਏ ਦੇ ਭਾਅ ਬਹੁਤ ਵਧ ਗਏ ਹਨ। ਇਸ ਕਾਰਨ ਪੁਰਾਣੇ ਰੇਟਾਂ ’ਤੇ ਕੰਮ ਕਰਨਾ ਮੁਸ਼ਕਲ ਹੈ।ਇਸ ਮੌਕੇ ਹਰਭਜਨ ਸਿੰਘ ਧੂਰੀ, ਅਮਰਜੀਤ ਸਿੰਘ ਬਰਾੜ, ਸੰਦੀਪ ਸਿੰਘ ਮੁਕਤਸਰ, ਗੌਤਮ ਫਿਰੋਜ਼ਪੁਰ, ਮੋਹਿਤ ਗਰਗ, ਤਿਲਕ ਰਾਮ ਫਿਰੋਜ਼ਪੁਰ, ਅਜੇ ਗਰੋਵਰ ਫਰੀਦਕੋਟ ਸ਼ਾਮਲ ਸਨ।
ਮੁੱਖ ਮੰਤਰੀ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸੀਐੱਸਆਰ ਦੇ ਰੇਟ ਵਧਾਉਣ ਲਈ ਕਮੇਟੀ ਬਣਾਈ ਜਾਵੇ ਜਿਸ ਵਿਚ ਐਸੋਸੀਏਸ਼ਨ ਦਾ ਮੈਂਬਰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦਿਆਂ ਸਮੱਸਿਆਵਾਂ ਛੇਤੀ ਹੱਲ ਕਰਨ ਦੀ ਅਪੀਲ ਕੀਤੀ।