ਜਸਬੀਰ ਸਿੰਘ ਚਾਨਾ
ਫਗਵਾੜਾ, 6 ਅਕਤੂਬਰ
ਸਥਾਨਕ ਪੁਲੀਸ ਨੇ ਪਸ਼ੂ ਸੰਭਾਲ ਸੰਸਥਾ ਦੀ ਜ਼ਿੰਮੇਵਾਰੀ ਸੰਭਾਲ ਰਹੀ ਮਹਿਲਾ ਤੋਂ ਸੰਸਥਾ ਦੀਆਂ ਚਾਬੀਆਂ ਜਬਰੀ ਲੈ ਲਈਆਂ ਜਿਸ ਮਗਰੋਂ ਮਹਿਲਾ ਨੇ ਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਕੀਰਤੀ ਨਗਰ ਵਿੱਚ ਪਰਵਾਸੀ ਭਾਰਤੀ ਰਮੇਸ਼ ਲਾਲ ਨੇ ਨਿਧੀ ਵਾਲੀਆ ਨੂੰ ਇੱਕ ਪਲਾਟ ਦਿੱਤਾ ਹੋਇਆ ਸੀ ਜਿਸ ਤਹਿਤ 16 ਮੈਂਬਰੀ ਐਨੀਮਲ ਸੇਵੀਅਰ ਸੰਸਥਾ ਲਾਵਾਰਿਸ ਪਸ਼ੂਆਂ ਦੀ ਸੰਭਾਲ ਦਾ ਕੰਮ ਕਰਦੀ ਹੈ।
ਨਿਧੀ ਵਾਲੀਆ ਨੇ ਦੱਸਿਆ ਕਿ 21 ਸਤੰਬਰ ਨੂੰ ਐੱਨਆਰਆਈ ਨੇ ਫੋਨ ’ਤੇ ਮੈਸੇਜ ਕਰਕੇ ਉਸ ਨੂੰ ਥਾਂ ਖਾਲੀ ਕਰਨ ਲਈ ਕਿਹਾ। ਇਥੇ ਰੱਖੇ ਜ਼ਖ਼ਮੀ ਪਸ਼ੂਆਂ ਤੇ ਜਾਨਵਰਾਂ ਦਾ ਹਵਾਲਾ ਦਿੰਦਿਆਂ ਨਿਧੀ ਨੇ ਤੁਰੰਤ ਥਾਂ ਖਾਲੀ ਕਰਨ ਤੋਂ ਅਸਮਰਥਤਾ ਜਤਾਈ। ਇਸ ਮਗਰੋਂ ਰਮੇਸ਼ ਲਾਲ ਨੇ 28 ਸਤੰਬਰ ਨੂੰ ਐੱਸਪੀ ਫਗਵਾੜਾ ਮੁਖ਼ਤਿਆਰ ਰਾਏ ਨੂੰ ਪਲਾਟ ਖਾਲੀ ਕਰਵਾਉਣ ਲਈ ਦਰਖ਼ਾਸਤ ਦਿੱਤੀ, ਜਿਸ ਮਗਰੋਂ ਐੱਸਪੀ ਨੇ ਉਸ ਨੂੰ ਥਾਣੇ ਵਿੱਚ ਸੱਦ ਕੇ ਚਾਬੀਆਂ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ।
ਨਿਧੀ ਨੇ ਦੱਸਿਆ ਕਿ ਪਲਾਟ ਵਿੱਚ ਪਸ਼ੂ ਬੰਨ੍ਹੇ ਹੋਣ ਦੇ ਬਾਵਜੂਦ ਉਸ ਨੂੰ ਪਲਾਟ ਦੀ ਚਾਬੀ ਐੱਸਐੱਚਓ ਹਵਾਲੇ ਕਰਨੀ ਪਈ, ਜਿਸ ਦੇ ਵਿਰੋਧ ਵਿੱਚ ਅੱਜ ਉਸ ਵੱਲੋਂ ਸਾਥੀਆਂ ਸਣੇ ਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਉਸ ਨੇ ਖ਼ੁਦ ’ਤੇ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਲਿਆ।
ਇਸ ਮਗਰੋਂ ਡੀਐੱਸਪੀ ਜਸਪ੍ਰੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਸ਼ਾਮ 5 ਵਜੇ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜੋ ਬਾਅਦ ਵਿੱਚ ਮੁਲਤਵੀ ਕਰ ਦਿੱਤੀ ਗਈ। ਇਸ ਮੌਕੇ ਡੇਰਾ ਮੁਖੀ ਬਾਬਾ ਅਜੀਤ ਸਿੰਘ ਤੇ ਪਿੰਡ ਮੰਢਾਲੀ ਦੇ ਮੁਖੀ ਜੋਗਾ ਸਿੰਘ ਵੀ ਨਿਹੰਗ ਸਿੰਘਾਂ ਨਾਲ ਮੌਕੇ ’ਤੇ ਹਮਾਇਤ ਲਈ ਪਹੁੰਚੇ। ਐੱਸਪੀ ਮੁਖਤਿਆਰ ਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਨੂੰ ਸਿਰਫ਼ ਗੱਲਬਾਤ ਲਈ ਸੱਦਿਆ ਸੀ ਤਾਂ ਜੋ ਸਾਰਾ ਮਾਮਲਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਨਿਧੀ ਵਾਲੀਆ ਵੱਲੋਂ ਲਗਾਏ ਗਏ ਦੋਸ਼ ਝੂਠੇ ਹਨ।