ਰਾਮ ਸ਼ਰਨ ਸੂਦ
ਅਮਲੋਹ, 7 ਜੂਨ
ਵਿਜੀਲੈਂਸ ਵਿਭਾਗ ਵੱਲੋਂ ਅੱਜ ਸਵੇਰੇ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਬਦਲਾਖ਼ੋਰੀ ਤਹਿਤ ਸ੍ਰੀ ਧਰਮਸੋਤ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਸਾਬਕਾ ਮੰਤਰੀ ਦੇ ਭਰਾ ਮੰਗਤ ਰਾਮ, ਭੈਣ ਮਹਿੰਦਰ ਕੌਰ, ਪੁੱਤਰੀ ਬੱਬੂ ਰਾਣੀ ਅਤੇ ਪ੍ਰਕਾਸ਼ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋ ਰਹੀ ਬਦਨਾਮੀ ਕਾਰਨ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਧਰਮਸੋਤ ਨੇ ਕਾਂਗਰਸ ਵਜ਼ਾਰਤ ਸਮੇਂ ਵੀ ਵਿਧਾਨ ਸਭਾ ਵਿਚ ਵਿਰੋਧੀਆਂ ਵੱਲੋਂ ਲਗਾਏ ਦੋਸ਼ਾਂ ਦੇ ਜਵਾਬ ਵਿਚ ਖੁੱਲ੍ਹੀ ਜਾਂਚ ਕਰਵਾਉਣ ਦੀ ਗੱਲ ਆਖੀ ਸੀ, ਜਿਸ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਕਮੇਟੀ ਨੇ ਉਸ ਨੂੰ ਨਿਰਦੋਸ਼ ਸਾਬਤ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਜੰਗਲਾਤ ਵਿਭਾਗ ਦਾ ਨਵਾਂ ਮਾਮਲਾ ਖੜ੍ਹਾ ਕਰਕੇ ਸ੍ਰੀ ਧਰਮਸੋਤ ਦੇ ਵੱਕਾਰ ਨੂੰ ਢਾਅ ਲਾਈ ਜਾ ਰਹੀ ਹੈ, ਜਦੋਂਕਿ ਸਾਰਾ ਇਲਾਕਾ ਜਾਣਦਾ ਹੈ ਕਿ ਉਸ ਵੱਲੋਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਧਰਮਸੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਅਤੇ ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਅੰਦਰ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕੜਕਦੀ ਗਰਮੀ ਵਿਚ ਭੁੱਖੇ-ਤਿਹਾਏ ਵਾਪਸ ਜਾਣਾ ਪਿਆ। ਉਨ੍ਹਾਂ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।