ਗੁਰਨਾਮ ਸਿੰਘ ਅਕੀਦਾ
ਪਟਿਆਲਾ 7 ਸਤੰਬਰ
ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਜਦੋਂ ਤਕ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਵਾ ਕੇ ਉਨ੍ਹਾਂ ਖਿਲਾਫ ਕੇਸ ਦਰਜ ਨਹੀਂ ਕਰਵਾ ਦਿੰਦੇ, ਉਦੋਂ ਤਕ ਉਹ ਚੁੱਪ ਨਹੀਂ ਬੈਠਣਗੇ। ਸ੍ਰੀ ਬੈਂਸ ਅੱਜ ਪਟਿਆਲਾ ਵਿਖੇ ਨਿਊ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਪੁੱਜੇ ਸਨ। ਉਨ੍ਹਾਂ ਇਥੇ ਸੰਬੋਧਨ ਕਰਦਿਆਂ ਕਿਹਾ ਕਿ 10 ਸਾਲ ਅਕਾਲੀ ਦਲ ਅਤੇ 4 ਸਾਲ ਅਮਰਿੰਦਰ ਸਰਕਾਰ ਦੇ ਮਿਲਾ ਲਓ, ਕੋਈ ਫਰਕ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਐਲਾਨ ਕੀਤਾ ਕਿ ਜੇ ਸਾਧੂ ਸਿੰਘ ਖਿਲਾਫ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਦਲਿਤ ਮੰਤਰੀਆਂ, ਦਲਿਤ ਐਮ ਪੀ ਤੇ ਦਲਿਤ ਵਿਧਾਇਕਾਂ ਦਾ ਘਿਰਾਓ ਕਰੇਗੀ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਥਾਂ ਥਾਂ ਨਾਕੇ ਲਾਏ ਹੋਏ ਸਨ। ਜਿਥੇ ਜਿਥੇ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨਾਂ ਨੂੰ ਰੋਕਿਆ ਗਿਆ ਉਨ੍ਹਾਂ ਨੇ ਉਥੇ ਹੀ ਧਰਨਾ ਲਾ ਦਿੱਤਾ ਪਰ ਜਾਣਕਾਰੀ ਮਿਲੀ ਹੈ ਕਿ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਬੰਧਾਂ ਦੇ ਬਾਵਜੂਦ ਕੁਝ ਲੋਕ ਪਟਿਆਲਾ ਪੁੱਜਣ ’ਚ ਕਾਮਯਾਬ ਰਹੇ।