ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 10 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਜੰਗਲਾਤ ਵਿਭਾਗ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਉਸ ਦੇ ਓਐੱਸਡੀ ਚਮਕੌਰ ਸਿੰਘ ਤੇ ਮੀਡੀਆ ਸਲਾਹਕਾਰ ਪੱਤਰਕਾਰ ਕਮਲਜੀਤ ਸਿੰਘ ਖੰਨਾ ਨੂੰ ਅੱਜ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਸਾਰਿਆਂ ਨੂੰ ਹੋਰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਵਿਜੀਲੈਂਸ ਨੇ ਜੇਲ੍ਹ ਵਿੱਚ ਬੰਦ ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ ਤੇ ਠੇਕੇਦਾਰ ਹਰਮੋਹਿੰਦਰ ਸਿੰਘ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਦੋਵਾਂ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ। ਮੁਲਜ਼ਮਾਂ ਨੂੰ 13 ਜੂਨ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਅੱਜ ਅਦਾਲਤ ਵਿੱਚ ਦੱਸਿਆ ਹੈ ਕਿ ਸਾਬਕਾ ਮੰਤਰੀ ਦੇ ਓਐੱਸਡੀ ਚਮਕੌਰ ਸਿੰਘ ਤੋਂ ਪੁੱਛ-ਪੜਤਾਲ ਦੌਰਾਨ ਜੰਗਲਾਤ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਲਈ ਪੈਸੇ ਲਏ ਜਾਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਆਖਿਆ ਕਿ ਧਰਮਸੋਤ ਨੇ ਮੰਤਰੀ ਹੁੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਵਿਜੀਲੈਂਸ ਅਨੁਸਾਰ ਧਰਮਸੋਤ ਆਪਣੇ ਓਐੱਸਡੀ ਤੇ ਪੱਤਰਕਾਰ ਰਾਹੀਂ ਡੀਐੱਫ਼ਓ ਦੀ ਬਦਲੀ ਲਈ 10 ਤੋਂ 20 ਲੱਖ ਰੁਪਏ, ਰੇਂਜ ਅਫ਼ਸਰ ਦੀ ਬਦਲੀ ਲਈ 5 ਤੋਂ 8 ਲੱਖ, ਬਲਾਕ ਅਫ਼ਸਰ ਤੇ ਵਣ ਗਾਰਡ ਲਈ 2 ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੀ ਤੇ ਧਰਮਸੋਤ ਨੇ ਪੱਤਰਕਾਰ ਰਾਹੀਂ ਖੈਰ ਦੇ ਰੁੱਖਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ ਬਦਲੇ ਇੱਕ ਕਰੋੜ ਰੁਪਏ ਲਏ ਸਨ। ਵਿਜੀਲੈਂਸ ਮੁਤਾਬਕ ਮੁਲਜ਼ਮ ਚਮਕੌਰ ਸਿੰਘ ਬਦਲੀਆਂ ਅਤੇ ਤਾਇਨਾਤੀਆਂ, ਜਦਕਿ ਕਮਲਜੀਤ ਸਿੰਘ ਖੰਨਾ ਦਰੱਖ਼ਤ ਵੱਢਣ ਤੇ ਵੇਚਣ ਦਾ ਕੰਮ ਸੰਭਾਲਦਾ ਸੀ। ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਠੇਕੇਦਾਰ ਹਰਮੋਹਿੰਦਰ ਸਿੰਘ ਪਿਛਲੇ ਦਸ ਸਾਲਾਂ ਤੋਂ ਖੈਰ ਦੇ ਦਰੱਖ਼ਤਾਂ ਦੀ ਕਟਾਈ ਕਰਦਾ ਆ ਰਿਹਾ ਹੈ ਤੇ ਪਿਛਲੇ ਪੰਜ ਸਾਲਾਂ ਤੋਂ ਉਹ ਗੁਰਹਰ ਐਸੋਸੀਏਟ ਦੇ ਨਾਮ ’ਤੇ ਠੇਕੇਦਾਰੀ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਹਰ ਸੀਜ਼ਨ ਵਿੱਚ ਠੇਕੇਦਾਰ 7 ਹਜ਼ਾਰ ਖੈਰ ਦੇ ਦਰੱਖ਼ਤਾਂ ਦੀ ਕਟਾਈ ਕਰਦੇ ਸਨ, ਜਿਸ ਬਦਲੇ ਧਰਮਸੋਤ ਨੂੰ ਪ੍ਰਤੀ ਰੁੱਖ 500, ਵਣ ਅਫ਼ਸਰ ਨੂੰ 200 ਤੇ ਰੇਂਜ ਅਫ਼ਸਰ, ਬਲਾਕ ਅਫ਼ਸਰ ਤੇ ਵਣ ਗਾਰਡ ਨੂੰ 100-100 ਰੁਪਏ ਰਿਸ਼ਵਤ ਮਿਲਦੀ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਰੂਪਨਗਰ ਵਿੱਚ ਤਾਇਨਾਤ ਡੀਐੱਫਓ ਅਮਿਤ ਚੌਹਾਨ ਸ਼ਾਮਲਾਟ ਜ਼ਮੀਨਾਂ ਵਿੱਚ ਖੜ੍ਹੇ ਦਰੱਖ਼ਤਾਂ ਦੀ ਗਿਣਤੀ ਘੱਟ ਦਿਖਾ ਕੇ ਉਨ੍ਹਾਂ ਦੀ ਕਟਾਈ ਦੀ ਰਕਮ ਠੇਕੇਦਾਰਾਂ ਨਾਲ ਸਾਂਝੀ ਕਰਦਾ ਸੀ। ਉਸ ਵੱਲੋਂ ਖੰਨਾ ਨੂੰ ਨਾਜਾਇਜ਼ ਖਣਨ ਦੀ ਖੁੱਲ੍ਹ ਵੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਧਰਮਸੋਤ ਜੰਗਲਾਤ ਜ਼ਮੀਨ ’ਚੋਂ ਲਾਂਘੇ ਲਈ ਐੱਨਓਸੀ ਜਾਰੀ ਕਰਨ ਬਦਲੇ ਵੀ ਰਿਸ਼ਵਤ ਲੈਂਦਾ ਸੀ। ਠੇਕੇਦਾਰ ਹਰਮੋਹਿੰਦਰ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ 2017 ਤੋਂ ਹੁਣ ਤੱਕ ਰਿਸ਼ਵਤ ਦਾ ਪੈਸਾ ਉੱਚ ਅਧਿਕਾਰੀਆਂ ਤੇ ਸਿਆਸਤਦਾਨਾਂ ਤੱਕ ਪੁੱਜਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ 7 ਜੂਨ ਨੂੰ ਮੁਹਾਲੀ ਥਾਣੇ ਵਿੱਚ ਧਰਮਸੋਤ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਜਿਸ ਵਿੱਚ ਚੰਨੀ ਵਜ਼ਾਰਤ ਵਿੱਚ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਸਣੇ ਉਸ ਦਾ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ, ਵਣ ਮੰਡਲ ਅਫ਼ਸਰ ਅਮਿਤ ਚੌਹਾਨ, ਡੀਐੱਫ਼ਓ ਗੁਰਅਮਨਪ੍ਰੀਤ ਸਿੰਘ ਬੈਂਸ, ਵਣ ਗਾਰਡ ਦਿਲਪ੍ਰੀਤ ਸਿੰਘ ਤੇ ਸਚਿਨ ਕੁਮਾਰ ਵੀ ਨਾਮਜ਼ਦ ਕੀਤੇ ਗਏ ਹਨ। ਡੀਐੱਫ਼ਓ ਨੂੰ ਛੱਡ ਕੇ ਬਾਕੀ ਮੁਲਜ਼ਮ ਹਾਲੇ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਧਰਮਸੋਤ ਦੇ ਭਰਾ ਵੱਲੋਂ ਸਰਕਾਰ ’ਤੇ ਝੂਠਾ ਕੇਸ ਤਿਆਰ ਕਰਨ ਦਾ ਦੋਸ਼
ਅਦਾਲਤ ਦੇ ਬਾਹਰ ਸਾਬਕਾ ਮੰਤਰੀ ਧਰਮਸੋਤ ਦੇ ਭਰਾ ਮੰਗਤ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਉਸ ਦੇ ਭਰਾ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਮੰਗਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ, ਬਸ਼ਰਤੇ ਜਾਂਚ ਨਿਰਪੱਖ ਹੋਵੇ। ਉਨ੍ਹਾਂ ਕਿਹਾ ਕਿ ਮੁਲਜ਼ਮ ਠੇਕੇਦਾਰ ਦੀ ਜਿਹੜੀ ਡਾਇਰੀ ਦਾ ਹਵਾਲਾ ਦਿੱਤਾ ਗਿਆ ਹੈ, ਉਸ ਨਾਲ ਕਿਸੇ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੁੰਦੇ।
ਵਿਜੈ ਸਿੰਗਲਾ ਤੇ ਓਐੱਸਡੀ ਦਾ ਰਿਮਾਂਡ ਵਧਾਇਆ
ਐਸਏਐਸ ਨਗਰ (ਪੱਤਰ ਪ੍ਰੇਰਕ): ਮੁਹਾਲੀ ਪੁਲੀਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਤੇ ਉਸ ਦੇ ਓਐੱਸਡੀ ਭਾਣਜੇ ਪ੍ਰਦੀਪ ਕੁਮਾਰ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ, ਜਿਸ ਦੌਰਾਨ ਅਦਾਲਤ ਨੇ ਮਾਮਾ-ਭਾਣਜੇ ਦੇ ਜੁਡੀਸ਼ਲ ਰਿਮਾਂਡ ਵਿੱਚ 14 ਦਿਨਾਂ ਦਾ ਵਾਧਾ ਕਰਦਿਆਂ 24 ਜੂਨ ਨੂੰ ਅਗਲੀ ਪੇਸ਼ੀ ਨਿਸ਼ਚਿਤ ਕੀਤੀ ਹੈ। ਵਿਜੈ ਸਿੰਗਲਾ ਤੇ ਪ੍ਰਦੀਪ ਕੁਮਾਰ ਇਸ ਵੇਲੇ ਨਿਆਂਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਖ਼ਿਲਾਫ਼ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜਨੀਅਰ (ਐੱਸਈ) ਰਾਜਿੰਦਰ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕੀਤਾ ਗਿਆ ਹੈ। ਸਾਬਕਾ ਸਿਹਤ ਮੰਤਰੀ ’ਤੇ ਠੇਕੇਦਾਰਾਂ ਅਤੇ ਅਧਿਕਾਰੀਆਂ ਕੋਲੋਂ ਕਮਿਸ਼ਨ ਦੇਣ ਲਈ ਡਰਾਉਣ ਧਮਕਾਉਣ ਦਾ ਦੋਸ਼ ਹੈ। ਇਸ ਦੌਰਾਨ ਅਦਾਲਤ ਨੇ ਵਿਜੈ ਸਿੰਗਲਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।