ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਵਜ਼ੀਫਾ ਘੁਟਾਲੇ ’ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਈ ਦਿਨਾਂ ਦੀ ਖ਼ਾਮੋਸ਼ੀ ਮਗਰੋਂ ਅੱਜ ਚੁੱਪ ਤੋੜੀ ਹੈ। ਸ੍ਰੀ ਧਰਮਸੋਤ ਨੇ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਨੂੰ ਤੱਥਹੀਣ ਦੱਸਦੇ ਹੋਏ ਰੱਦ ਕੀਤਾ ਹੈ। ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਮੰਤਰੀ ਧਰਮਸੋਤ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ ਅਤੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਇੱਕ ਸਾਜਿਸ਼ ਤਹਿਤ ਬਿਨਾਂ ਕਿਸੇ ਹਵਾਲੇ ਤੋਂ ਤਿਆਰ ਕੀਤੀ ਰਿਪੋਰਟ ਨੂੰ ਲੀਕ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਧੀਕ ਮੁੱਖ ਸਕੱਤਰ ਵੱਲੋਂ ਉਸ ਡਿਪਟੀ ਡਾਇਰੈਕਟਰ ਤੋਂ ਤੱਥਹੀਣ ਰਿਪੋਰਟ ਤਿਆਰ ਕਰਵਾਈ ਗਈ ਹੈ, ਜਿਸ ਨੂੰ ਉਸ ਨੇ ਖ਼ੁਦ ਦੋ ਵਾਰ ਡਿਸਮਿਸ ਕੀਤਾ ਸੀ। ਧਰਮਸੋਤ ਨੇ ਦਾਅਵਾ ਕੀਤਾ ਕਿ ਜੋ 39 ਕਰੋੜ ਦੇ ਫੰਡ ਖੁਰਦ-ਬੁਰਦ ਕਰਨ ਦੀ ਗੱਲ ਆਖੀ ਗਈ ਹੈ, ਉਸ ਬਾਰੇ ਮਹਿਕਮੇ ਕੋਲ ਇੱਕ-ਇੱਕ ਪੈਸੇ ਦਾ ਹਿਸਾਬ ਮੌਜੂਦ ਹੈ। ਬੈਂਕਾਂ ਵਿਚ ਵੀ ਸਾਰਾ ਰਿਕਾਰਡ ਮੌਜੂਦ ਹੈ ਅਤੇ ਕਿਸੇ ਡਿਫਾਲਟਰ ਸੰਸਥਾ ਨੂੰ ਫੰਡ ਨਹੀਂ ਦਿੱਤੇ ਗਏ।
ਸ੍ਰੀ ਧਰਮਸੋਤ ਮੁਤਾਬਕ ਸੰਸਥਾਵਾਂ ਨੂੰ ਫੰਡ ਪਾਉਣਾ ਉਨ੍ਹਾਂ ਦਾ ਕੰਮ ਨਹੀਂ ਹੈ ਸਗੋਂ ਐੱਫਡੀ ਤੇ ਲਾਈਨ ਡਿਪਾਰਟਮੈਂਟ ਤੋਂ ਆਡਿਟ ਕਰਵਾਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਯੋਗ ਸੰਸਥਾਵਾਂ ਨੂੰ ਹੀ ਫੰਡ ਪਾਇਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਨੇ ਵਿਭਾਗ ਵਿਚ ਸਿੱਧੀ ਫਾਈਲ ਭੇਜਣ ਦੇ ਦੋਸ਼ ਨਕਾਰਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਇੱਕ ਵੀ ਫਾਈਲ ਸਿੱਧੇ ਤੌਰ ’ਤੇ ਵਿਭਾਗ ਨੂੰ ਨਹੀਂ ਭੇਜੀ ਗਈ ਸਗੋਂ ਹਰ ਫਾਈਲ ਨਿਯਮਾਂ ਮੁਤਾਬਕ ਹੀ ਭੇਜੀ ਜਾਂਦੀ ਰਹੀ ਹੈ। ਮੁੱਖ ਮੰਤਰੀ ਦੇ ਹੁਕਮਾਂ ’ਤੇ ਚੀਫ਼ ਸੈਕਟਰੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਉਹ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਗੇ।
ਸ਼੍ਰੀ ਧਰਮਸੋਤ ਨੇ ਅਕਾਲੀ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ’ਚ ਉਨ੍ਹਾਂ ਦੀ ਸਰਕਾਰ ਹੋਣ ਦੇ ਬਾਵਜੂਦ ਸੰਨ 2014 ਤੋਂ 2017 ਤੱਕ ਤਿੰਨ ਸਾਲ ਇੱਕ ਰੁਪਇਆ ਵੀ ਦਲਿਤ ਵਿਦਿਆਰਥੀਆਂ ਲਈ ਨਹੀਂ ਲਿਆਂਦਾ ਗਿਆ ਤੇ ਨਾ ਹੀ ਮੋਦੀ ਸਰਕਾਰ ’ਤੇ ਕਿਸੇ ਪ੍ਰਕਾਰ ਦਾ ਆਪਣੀ ਸਰਕਾਰ ਮੌਕੇ ਕੋਈ ਦਬਾਅ ਬਣਾਇਆ ਗਿਆ। ਉਲਟਾ ਅੱਜ ਸਿਆਸੀ ਰੋਟੀਆਂ ਸੇਕਣ ਲਈ ਇਨ੍ਹਾਂ ਨੂੰ ਦਲਿਤ ਵਿਦਿਆਰਥੀਆਂ ਦਾ ਹੇਜ ਜਾਗ ਪਿਆ ਹੈ।