ਪੱਤਰ ਪ੍ਰੇਰਕ
ਅਬੋਹਰ, 12 ਨਵੰਬਰ
ਬਹੁਚਰਚਿਤ ਭੀਮ ਟਾਂਕ ਕਤਲ ਕਾਂਡ ਕੇਸ ’ਚ ਸਜ਼ਾ ਕੱਟ ਰਹੇ ਧਨਰਾਜ ਉਰਫ਼ ਧੰਨਾ ਵਾਸੀ ਪਿੰਡ ਡੰਗਰਖੇੜਾ ਦੀ ਜ਼ਮਾਨਤ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ 11 ਦਸੰਬਰ 2015 ਨੂੰ ਸ਼ਿਵ ਲਾਲ ਡੋਡਾ ਦੇ ਰਾਮਸਰਾ ਸਥਿਤ ਫਾਰਮ ਹਾਊਸ ’ਚ ਕੁਝ ਬੰਦਿਆਂ ਨੇ ਰੰਜ਼ਿਸ਼ ਤਹਿਤ ਭੀਮ ਟਾਂਕ ਤੇ ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਫੱਟੜ ਕਰ ਦਿੱਤਾ ਸੀ ਤੇ ਹਸਪਤਾਲ ਵਿੱਚ ਭੀਮ ਟਾਂਕ ਦੀ ਮੌਤ ਹੋ ਗਈ ਸੀ। ਇਸ ਕੇਸ ਵਿੱਚ ਧਨਰਾਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਵਿੱਚ ਪੇਸ਼ ਹੋਏ ਧਨਰਾਜ ਦੇ ਵਕੀਲ ਨੇ ਦਲੀਲ ਦਿੱਤੀ ਕਿ ਧਨਰਾਜ ਸਾਢੇ ਚਾਰ ਸਾਲ ਤੋਂ ਵੱਧ ਦੀ ਸਜ਼ਾ ਭੁਗਤ ਚੁੱਕਾ ਹੈ ਇਸ ਲਈ ਉਹ ਹੁਣ ਜ਼ਮਾਨਤ ਦਾ ਹੱਕਦਾਰ ਹੈ। ਅਦਾਲਤ ਨੇ ਦਲੀਲਾਂ ’ਤੇ ਗੌਰ ਕਰਦਿਆਂ ਧਨਰਾਜ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ।