ਜਗਮੋਹਨ ਸਿੰਘ
ਰੂਪਨਗਰ, 26 ਅਕਤੂਬਰ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਰੂਪਨਗਰ ਅਨਾਜ ਮੰਡੀ ਦਾ ਅਚਨਤਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੰਤਰੀ ਧਾਲੀਵਾਲ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਖ਼ਰੀਦ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪੁੱਛਿਆ। ਉਨ੍ਹਾਂ ਨੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਫੋਨ ਰਾਹੀਂ ਸਮੱਸਿਆਵਾਂ ਦੂਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹੋਰ ਸਮੱਸਿਆ ਲਈ ਲੋਕ ਆਪਣੇ ਹਲਕਾ ਵਿਧਾਇਕ ਨਾਲ ਸੰਪਰਕ ਕਰ ਕੇ ਉਸ ਨੂੰ ਤੁਰੰਤ ਹੱਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਅਦਾਇਗੀ ਅਤੇ ਚੁਕਾਈ ਦੇ ਨਾਲ-ਨਾਲ ਨਿਰਵਿਘਨ ਖ਼ਰੀਦ ਕੀਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਤੀ ਅਨੁਸਾਰ ਕਿਸਾਨਾਂ ਦਾ ਦਾਣਾ ਮੰਡੀਆਂ ਵਿੱਚੋਂ ਖ਼ਰੀਦਿਆ ਜਾਵੇਗਾ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਨਿਰਵਿਘਨ ਕੀਤੀ ਜਾਵੇ।
ਸ੍ਰੀ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਇਸ ਵਾਰ ਮੰਡੀਆਂ ਵਿੱਚ ਨਹੀਂ ਬੈਠਣਾ ਪੈ ਰਿਹਾ ਹੈ। ਝੋਨਾ ਮੰਡੀ ਵਿੱਚ ਆਉਣ ਦੇ 12 ਘੰਟਿਆਂ ਵਿੱਚ ਹੀ ਖ਼ਰੀਦ ਏਜੰਸੀਆਂ ਵੱਲੋਂ ਪੂਰੇ ਭਾਅ ’ਤੇ ਖ਼ਰੀਦਿਆ ਜਾ ਰਿਹਾ ਅਤੇ ਫ਼ਸਲ ਦੀ ਅਦਾਇਗੀ ਵੀ ਨਾਲ ਦੀ ਨਾਲ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਆ ਰਹੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਇਸ ਵਾਰ ਖ਼ਰੀਦੀ ਗਈ ਫ਼ਸਲ ਦੀ ਚੁਕਾਈ ਉੱਪਰ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਮੰਡੀਆਂ ਵਿਚੋਂ ਨਾਲ ਦੀ ਨਾਲ ਹੀ ਝੋਨੇ ਦੀ ਚੁਕਾਈ ਜਾਰੀ ਹੈ।
ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਕੁਮਾਰ ਚੱਢਾ, ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਭਾਗ ਸਿੰਘ ਮੈਦਾਨ, ਐਮਸੀ ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਮਨਦੀਪ ਸਿੰਘ, ਅਮਨਦੀਪ ਸਿੰਘ, ਵਿਕਰਾਂਤ, ਵਿਕਰਮ ਗਰਗ, ਚੇਤਨ ਕਾਲੀਆ, ਸਤਨਾਮ ਸਿੰਘ ਗਿੱਲ ਅਤੇ ਹੋਰ ਪੱਤਵੰਤੇ ਹਾਜ਼ਰ ਸਨ।