ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਮਗਨਰੇਗਾ ਦੀਆਂ ਦੇਣਦਾਰੀਆਂ ਦੇ ਬਕਾਇਆ ਫੰਡ ਕੇਂਦਰ ਪਾਸੋਂ ਜਾਰੀ ਕਰਵਾਉਣ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਦੇ ਟੀਚਿਆਂ ਦੀ ਪ੍ਰਵਾਨਗੀ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੇਂਡੂ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨਾਲ ਸਥਾਨਕ ਖੇਤੀਬਾੜੀ ਭਵਨ ਵਿੱਚ ਮੁਲਾਕਾਤ ਕੀਤੀ।
ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਮਗਨਰੇਗਾ ਸਕੀਮ ਤਹਿਤ ਕਰਵਾਏ ਵਿਕਾਸ ਕੰਮਾਂ ਨਾਲ ਸਬੰਧਤ ਸਮੱਗਰੀ ਦੀਆਂ ਦੇਣਦਾਰੀਆਂ ਦਾ ਬਕਾਇਆ 262 ਕਰੋੜ ਰੁਪਏ ਕੇਂਦਰ ਨੂੰ ਜਲਦ ਜਾਰੀ ਕਰਨ ਲਈ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ ਮਗਨਰੇਗਾ ਦੇ ਪ੍ਰਬੰਧਕੀ ਖ਼ਰਚ ਫੰਡ ਨੂੰ ਛੇ ਤੋਂ ਵਧਾ ਕੇ ਅੱਠ ਫ਼ੀਸਦ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਵੱਲੋਂ ਇਹ ਫੰਡ ਜਲਦ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਵਿੱਤੀ ਸਾਲ 2022-23 ਲਈ ਸੂਬੇ ਨੂੰ ਕੋਈ ਵੱਖਰਾ ਟੀਚਾ ਅਲਾਟ ਨਹੀਂ ਕੀਤਾ ਗਿਆ ਸੀ ਜਿਸ ਕਰ ਕੇ ਵਿੱਤੀ ਸਾਲ 2023-24 ਲਈ 25,000 ਘਰਾਂ ਦਾ ਟੀਚਾ ਤਰਜੀਹੀ ਤੌਰ ਉੱਤੇ ਪ੍ਰਦਾਨ ਕਰਨ ਅਤੇ ਇਸ ਦੇ ਫੰਡ ਜਾਰੀ ਕਰਨ ਲਈ ਅਪੀਲ ਕੀਤੀ ਗਈ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਕਈ ਸ਼ਰਤਾਂ ਪੰਜਾਬ ਦੇ ਅਨੁਕੂਲ ਨਹੀਂ ਹਨ ਜਿਸ ਕਰ ਕੇ ਬਹੁਤੇ ਲਾਭਪਾਤਰੀ ਇਸ ਦੇ ਘੇਰੇ ਤੋਂ ਬਾਹਰ ਰਹਿ ਜਾਂਦੇ ਹਨ।