ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਸ਼੍ਰੋਮਣੀ ਕਮੇਟੀ ਅਤੇ ਢਾਡੀਆਂ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੁੰਦਾ ਜਾਪ ਰਿਹਾ ਹੈ। ਅੱਜ ਇਕ ਦਿਨ ਦੀ ਭੁੱਖ ਹੜਤਾਲ ਖਤਮ ਕਰਨ ਮਗਰੋਂ ਢਾਡੀਆਂ ਨੇ 24 ਨਵੰਬਰ ਤੋਂ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੈ।
ਆਪਣੀਆਂ ਮੰਗਾਂ ਸਬੰਧੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਝੰਡੇ ਹੇਠ ਢਾਡੀਆਂ ਵੱਲੋਂ ਇੱਥੇ ਵਿਰਾਸਤੀ ਮਾਰਗ ਵਿੱਚ ਸ਼੍ਰੋਮਣੀ ਕਮੇਟੀ ਖ਼ਿਲਾਫ਼ ਰੋਸ ਵਜੋਂ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਸੀ ਜਿਸ ਵਿੱਚ 11 ਢਾਡੀ ਭੁੱਖ ਹੜਤਾਲ ’ਤੇ ਬੈਠੇ ਸਨ। ਇਹ ਭੁੱਖ ਹੜਤਾਲ ਅੱਜ ਦੁਪਹਿਰ ਸਮੇਂ ਸਮਾਪਤ ਕਰਨ ਤੋਂ ਬਾਅਦ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮਏ ਨੇ 24 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਦੀ ਸੋਧ ਨਹੀਂ ਕੀਤੀ ਜਾਂਦੀ, ਇਹ ਸੰਘਰਸ਼ ਜਾਰੀ ਰਹੇਗਾ। ਇੱਕ ਰੋਜ਼ਾ ਹੜਤਾਲ ਦੌਰਾਨ ਢਾਡੀਆਂ ਵੱਲੋਂ ਦੀਵਾਨ ਵੀ ਲਾਇਆ ਗਿਆ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਕੰਧਾਂ ’ਤੇ ਬੈਨਰ ਲਾਏ ਹੋਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਖ਼ਿਲਾਫ਼ ਵੀ ਰੋਹ ਪ੍ਰਗਟਾਇਆ ਗਿਆ।
ਢਾਡੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਬੰਦ ਕੀਤੀ ਭੇਟਾ ਸ਼ੁਰੂ ਕੀਤੀ ਜਾਵੇ ਅਤੇ ਢਾਡੀ ਦਰਬਾਰ ਦਾ ਘੱਟ ਕੀਤਾ ਸਮਾਂ ਮੁੜ ਵਧਾਇਆ ਜਾਵੇ। ਸ੍ਰੀ ਅਕਾਲ ਤਖ਼ਤ ਵੱਲੋਂ ਜਿਨ੍ਹਾਂ ਛੇ ਢਾਡੀ ਜਥਿਆਂ ’ਤੇ ਰੋਕ ਲਾਈ ਹੈ, ਉਸ ਨੂੰ ਹਟਾਇਆ ਜਾਵੇ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਵੀ ਸ਼ਾਮਲ ਹਨ।