ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਜੂਨ
ਸ੍ਰੀ ਅਕਾਲ ਤਖਤ ਦੇ ਸਾਹਮਣੇ ਵਾਰਾਂ ਗਾਉਂਦੇ ਢਾਡੀ ਜਥਿਆਂ ਨੇ ਆਪਣੀਆਂ ਮੰਗਾਂ ਸਬੰਧੀ 18 ਜੂਨ ਨੂੰ ਕਾਲੇ ਚੋਲੇ ਪਾ ਕੇ ਰੋਸ ਮਾਰਚ ਕਰਨ ਅਤੇ 21 ਜੂਨ ਨੂੰ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮ.ਏ ਅਤੇ ਗਿਆਨੀ ਗੁਰਮੇਜ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਨੇ ਨਵੇਂ ਨਿਯਮ ਬਣਾਉਣ ਸਮੇਂ ਢਾਡੀ ਜਥਿਆਂ ਨਾਲ ਕੋਈ ਸਲਾਹ ਨਹੀਂ ਕੀਤੀ। ਇਨ੍ਹਾਂ ਨਿਯਮਾਂ ਤਹਿਤ ਢਾਡੀ ਜਥਿਆਂ ਨੂੰ ਮੱਸਿਆ, ਸੰਗਰਾਦ ਅਤੇ ਗੁਰਪੁਰਬਾਂ ਵੇਲੇ ਭੇਟ ਕੀਤੀ ਜਾਂਦੀ ਮਾਇਕ ਮਦਦ ਦੇਣ ਦੀ ਪ੍ਰਥਾ ਬੰਦ ਕਰ ਦਿੱਤੀ ਗਈ ਹੈ। ਵਾਰਾਂ ਗਾਇਨ ਕਰਨ ਦੇ ਸਮੇਂ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ। ਇਸੇ ਦੇ ਰੋਸ ਵਜੋਂ ਬੀਤੇ ਦਿਨੀਂ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਦੇ ਘਰਾਂ ਅੱਗੇ ਜਾਪ ਕਰ ਕੇ ਉਨ੍ਹਾਂ ਰੋਸ ਦਰਜ ਕਰਵਾਇਆ ਸੀ। ਹੁਣ 18 ਜੂਨ ਨੂੰ ਕਾਲੇ ਚੋਲੇ ਪਾ ਕੇ ਗੁਰਦੁਆਰਾ ਸਾਰਾਗੜ੍ਹੀ ਤੋਂ ਚੱਲ ਕੇ ਦਰਬਾਰ ਸਾਹਿਬ ਦੇ ਗਲਿਆਰੇ ਦੀ ਪਰਿਕਰਮਾ ਕਰਨ ਮਗਰੋਂ ਅਕਾਲ ਤਖ਼ਤ ਦੇ ਬਾਹਰ ਅਰਦਾਸ ਕੀਤੀ ਜਾਵੇਗੀ। ਇਸੇ ਤਰ੍ਹਾਂ 21 ਜੂਨ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ।
ਧਰਮ ਪ੍ਰਚਾਰ ਕਮੇਟੀ ’ਤੇ ਮਰਿਆਦਾ ਖ਼ਿਲਾਫ਼ ਜਾਣ ਦਾ ਦੋਸ਼
ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਮਜ਼ੋਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਨਵੀਂ ਢਾਡੀ ਸਭਾ ਬਣਾਈ ਹੈ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਨੇ ਕਵੀਸ਼ਰਾਂ ਨੂੰ ਆਪਣੇ ਘਰ ਸੱਦ ਕੇ ਉਨ੍ਹਾਂ ਨੂੰ ਅਕਾਲ ਤਖਤ ’ਤੇ ਆਪਣੀਆਂ ਰਚਨਾਵਾਂ ਪੜ੍ਹਣ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲ ਤਖ਼ਤ ਵਿਖੇ ਸਿਰਫ ਸਾਜ਼ਾਂ ਨਾਲ ਹੀ ਦੀਵਾਨ ਲਾਇਆ ਜਾ ਸਕਦਾ ਹੈ।