ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਫਰਵਰੀ
ਪੰਜਾਬ ਪੁਲੀਸ ਦੇ ਨਵ-ਨਿਯੁਕਤ ਡੀਜੀਪੀ ਵੀਕੇ ਭਾਵੜਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਡੀਜੀਪੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਪਰਿਕਰਮਾ ਕੀਤੀ ਅਤੇ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਵੀ ਸੁਣਿਆ। ਉਨ੍ਹਾਂ ਨਾਲ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਸਮੇਤ ਹੋਰ ਕਈ ਪੁਲੀਸ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਡੀਜੀਪੀ ਨੂੰ ਸੂਚਨਾ ਕੇਂਦਰ ਵਿੱਚ ਦਰਬਾਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤਾ ਗਿਆ। ਡੀਜੀਪੀ ਨੇ ਇਸ ਮੌਕੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ। ਉਹ ਦੁਰਗਿਆਣਾ ਮੰਦਰ ਵੀ ਮੱਥਾ ਟੇਕਣ ਲਈ ਗਏ।