ਦਵਿੰਦਰ ਪਾਲ
ਚੰਡੀਗੜ੍ਹ, 3 ਸਤੰਬਰ
ਪੰਜਾਬ ਸਰਕਾਰ ਨੇ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਨੂੰ ਪੰਜਾਬ ਪੁਲੀਸ ਹਾਊਸਿੰਗ ਨਿਗਮ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵੀਰੇਸ਼ ਭਾਵੜਾ 5 ਜੁਲਾਈ ਤੋਂ 2 ਮਹੀਨਿਆਂ ਦੀ ਛੁੱਟੀ ’ਤੇ ਸਨ ਅਤੇ ਉਨ੍ਹਾਂ ਭਲਕੇ ਡਿਊਟੀ ’ਤੇ ਪਰਤਣਾ ਸੀ। ਸਰਕਾਰ ਨੇ ਉਨ੍ਹਾਂ ਦੀ ਵਾਪਸੀ ਤੋਂ ਇੱਕ ਦਿਨ ਪਹਿਲਾਂ ਇਹ ਨਿਯੁਕਤੀ ਕਰ ਕੇ ਚਰਚਾਵਾਂ ਨੂੰ ਠੱਲਣ ਦਾ ਯਤਨ ਕੀਤਾ ਹੈ। ਇਸੇ ਦੌਰਾਨ ਭਾਵੜਾ ਦੀ ਗੈਰਹਾਜ਼ਰੀ ਵਿੱਚ ਡੀਜੀਪੀ ਦਾ ਕਾਰਜਭਾਰ ਦੇਖ ਰਹੇ 1992 ਬੈਚ ਦੇ ਆਈਪੀਐੱਸ ਅਧਿਕਾਰੀ ਗੌਰਵ ਯਾਦਵ ਨੂੰ ਅਗਲੇ ਹੁਕਮਾਂ ਤੱਕ ਪੁਲੀਸ ਮੁਖੀ ਦੀਆਂ ਸੇਵਾਵਾਂ ਨਿਭਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਵੀਕੇ ਭਾਵੜਾ ਦੀ ਡੀਜੀਪੀ ਵਜੋਂ ਨਿਯੁਕਤੀ ਸੰਘੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਭੇਜੇ ਗਏ ਤਿੰਨ ਆਈਪੀਐੱਸ ਅਧਿਕਾਰੀਆਂ ਵਿੱਚੋਂ ਇੱਕ ਦੀ ਚੋਣ ਦੇ ਆਧਾਰ ’ਤੇ 8 ਜਨਵਰੀ ਨੂੰ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ’ਤੇ ਡੀਜੀਪੀ ਦੀ ਨਿਯੁਕਤੀ ਲਈ ਯੂਪੀਐੱਸਸੀ ਨੂੰ ਆਈਪੀਐੱਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਭੇਜਿਆ ਜਾਵੇਗਾ। ਪੰਜਾਬ ਵਿੱਚ ਸੱਤਾ ਤਬਦੀਲੀ ਮਗਰੋਂ 1987 ਬੈਚ ਦੇ ਇਹ ਸੀਨੀਅਰ ਪੁਲੀਸ ਅਧਿਕਾਰੀ ਭਾਵੇਂ ਪੁਲੀਸ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਚਾਨਕ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖ਼ਤਮ ਹੁੰਦਿਆਂ ਹੀ ਜੂਨ ਮਹੀਨੇ ਦੇ ਅਖ਼ਰੀਲੇ ਦਿਨਾਂ ਦੌਰਾਨ ਵੀਕੇ ਭਾਵੜਾ ਨੂੰ ਬਦਲਣ ਦੇ ਸੰਕੇਤ ਦੇ ਦਿੱਤੇ ਸਨ। ਸੂਤਰਾਂ ਅਨੁਸਾਰ ਇਸ ਪੁਲੀਸ ਅਧਿਕਾਰੀ ਨੂੰ ਲਾਂਭੇ ਕਰਨ ਲਈ ਕਈ ਪੇਸ਼ਕਸ਼ਾਂ ਦਿੱਤੀਆਂ ਗਈਆਂ ਸਨ ਪਰ ਜਦੋਂ ਭਾਵੜਾ ਨੇ ਕੋਈ ਪੇਸ਼ਕਸ਼ ਨਾ ਸਵੀਕਾਰੀ ਤਾਂ ਅਖ਼ੀਰ ਉਨ੍ਹਾਂ ਨੂੰ ਛੁੱਟੀ ’ਤੇ ਜਾਣਾ ਪਿਆ ਸੀ। ਪੁਲੀਸ ਅਧਿਕਾਰੀ ਦੀ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ ਹੀ ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਵਰਮਾ ਨੇ ਨਿੱਜੀ ਤੌਰ ’ਤੇ ਪਹੁੰਚ ਕਰਕੇ ਭਾਵੜਾ ਨੂੰ ਕੁੱਝ ਹੋਰ ਮਹੀਨਿਆਂ ਲਈ ਛੁੱਟੀ ’ਤੇ ਜਾਣ ਲਈ ਸਰਕਾਰ ਦੇ ਨਿਰਦੇਸ਼ਾਂ ਬਾਰੇ ਜਾਣੂ ਕਰਾਇਆ ਸੀ। ਜਦੋਂ ਉਨ੍ਹਾਂ ਮੁੜ ਛੁੱਟੀ ’ਤੇ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਵਧੀਕ ਮੁੱਖ ਸਕੱਤਰ (ਗ੍ਰਹਿ) ਵੱਲੋਂ ਇੱਕ ਨੋਟਿਸ ਜਾਰੀ ਕਰਦਿਆਂ ਵੀਕੇ ਭਾਵੜਾ ਦੇ ਡੀਜੀਪੀ ਦੇ ਅਹੁਦੇ ’ਤੇ ਹੁੰਦਿਆਂ ਸੂਬੇ ਵਿੱਚ ਅਪਰਾਧ ਵਧਣ, ਪਟਿਆਲਾ ਵਿੱਚ ਅਣਸੁਖਾਵੀਂ ਘਟਨਾ ਹੋਣ ’ਤੇ ਢੁੱਕਵੀਂ ਕਾਰਵਾਈ ਨਾ ਕਰਨ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਨੋਟਿਸ ਦਾ ਜਵਾਬ 2 ਸਤੰਬਰ ਤੱਕ ਮੰਗਿਆ ਗਿਆ ਸੀ। ਸੂਤਰਾਂ ਅਨੁਸਾਰ ਫਿਲਹਾਲ ਵੀਰੇਸ਼ ਭਾਵੜਾ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਅਤੇ ਸਰਕਾਰ ਤੋਂ ਕੁੱਝ ਦਸਤਾਵੇਜ਼ ਮੰਗੇ ਹਨ।
ਚੌਹਾਨ ਨੂੰ ਪੰਜਾਬ ਪੁਲੀਸ ਹਾਊਸਿੰਗ ਨਿਗਮ ਦਾ ਐੱਮਡੀ ਲਾਇਆ
ਪੰਜਾਬ ਸਰਕਾਰ ਵੱਲੋਂ ਅੱਜ ਕੀਤੇ ਗਏ ਤਬਾਦਲਿਆਂ ਵਿੱਚ ਐੱਸਐੱਸ ਚੌਹਾਨ ਨੂੰ ਐੱਮਡੀ ਪੰਜਾਬ ਪੁਲੀਸ ਹਾਊਸਿੰਗ ਨਿਗਮ ਲਾਇਆ ਹੈ। ਪੰਜਾਬ ’ਚ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਗਿਣਤੀ ਸੱਤ ਹੈ, ਜਿਨ੍ਹਾਂ ਵਿੱਚ ਵੀਕੇ ਭਾਵੜਾ, ਪ੍ਰਬੋਧ ਕੁਮਾਰ, ਸੰਜੀਵ ਕਾਲੜਾ, ਐੱਸਐੱਸ ਚੌਹਾਨ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਸ਼ਾਮਲ ਹਨ। ਇਸ ਸਮੇਂ ਸਭ ਤੋਂ ਜੂਨੀਅਰ ਅਧਿਕਾਰੀ ਨੂੰ ਡੀਜੀਪੀ ਦੇ ਅਹੁਦੇ ਦਾ ਚਾਰਜ ਦਿੱਤਾ ਗਿਆ ਹੈ।