ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 7 ਅਗਸਤ
ਪੰਜਾਬ ਦੇ ਡਾਇਰੈਕਟਰ ਜਨਰਲ ਪੁਲੀਸ ਦਿਨਕਰ ਗੁਪਤਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਵੇਂ ਬਣੇ ਸ਼ਹੀਦੀ ਸਮਾਰਕ ਦਾ ਉਦਘਾਟਨ ਕੀਤਾ ਤੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਦਿਆਂ ਜਾਨਾਂ ਵਾਰਨ ਵਾਲੇ ਤਕਰੀਬਨ 1800 ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡੀਜੀਪੀ ਨੇ ਬਰਨਾਲਾ ਨਾਲ ਸਬੰਧਤ ਲਗਭਗ 22 ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਵਰਿੰਦਰ ਅਗਰਵਾਲ, ਡੀਆਈਜੀ ਪਟਿਆਲਾ ਰੇਂਜ ਵਿਕਰਮਜੀਤ ਸਿੰਘ ਦੁੱਗਲ ਤੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਹਾਜ਼ਰ ਸਨ। ਸ਼ਹੀਦਾਂ ਨੂੰ ਯਾਦ ਕਰਦਿਆਂ ਡੀਜੀਪੀ ਨੇ ਕਿਹਾ ਕਿ ਅਤਿਵਾਦ ਦੌਰਾਨ ਬਰਨਾਲਾ ਹੌਟਸਪਾਟ ਰਿਹਾ ਹੈ। ਇਸ ਦੌਰਾਨ ਬਰਨਾਲਾ ਦੇ ਰਹਿਣ ਵਾਲੇ ਤਕਰੀਬਨ 27 ਪੁਲੀਸ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ। ਡੀਜੀਪੀ ਨੇ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।