ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੂਨ
ਕੁਝ ਹੀ ਦਿਨ ਪਹਿਲਾਂ ਡੀਜੀਪੀ (ਜੇਲ੍ਹਾਂ) ਵਜੋਂ ਤਾਇਨਾਤ ਕੀਤੇ ਗਏ ਚਰਚਿਤ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਅੱਜ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕੀਤਾ ਗਿਆ। ਅਹੁਦਾ ਸੰਭਾਲਣ ਮਗਰੋਂ ਇਹ ਉਨ੍ਹਾਂ ਦੀ ਪਟਿਆਲਾ ਜੇਲ੍ਹ ਦੀ ਪਲੇਠੀ ਫੇਰੀ ਸੀ। ਇਸ ਦੌਰਾਨ ਉਨ੍ਹਾਂ ਨੇ ਕਰੀਬ ਸਾਢੇ ਤਿੰਨ ਘੰਟੇ ਜੇਲ੍ਹ ’ਚ ਬਿਤਾਏ। ਪਹਿਲਾਂ ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਦੇ ਦਫ਼ਤਰ ’ਚ ਜੇਲ੍ਹ ਅਧਿਕਾਰੀਆਂ ਨਾਲ਼ ਕਰੀਬ ਢਾਈ ਘੰਟੇ ਮੀਟਿੰਗ ਕੀਤੀ। ਇਸ ਮਗਰੋਂ ਉਨ੍ਹਾਂ ਜੇਲ੍ਹ ਵਿਚਲੇ ਕਈ ਖੇਤਰਾਂ ਦਾ ਦੌਰਾ ਕੀਤਾ ਤੇ ਫੇਰ ਦੇਰ ਸ਼ਾਮ ਨੂੰ ਬਾਹਰ ਆਏ। ਮੀਟਿੰਗ ’ਚ ਐਡੀਸ਼ਨਲ ਜੇਲ੍ਹ ਸੁਪਰਡੈਂਟ ਗੁਰਚਰਨ ਧਾਲੀਵਾਲ ਵੀ ਮੌਜੂਦ ਸਨ। ਪਤਾ ਲੱਗਿਆ ਹੈ ਕਿ ਜੇਲ੍ਹ ਅਧਿਕਾਰੀ ਨੇ ਇਸ ਦੌਰਾਨ ਜੇਲ੍ਹਾਂ ਵਿਚ ਫੋਨ ਕਲਚਰ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਦੀ ਸਖ਼ਤ ਹਦਾਇਤ ਕੀਤੀ। ਜੇਲ੍ਹ ਅਧਿਕਾਰੀਆਂ ਵੱਲੋਂ ਕੰਧ ਉਪਰੋਂ ਦੀ ਫੋਨ ਅਤੇ ਨਸ਼ੀਲੀਆਂ ਵਸਤਾਂ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਵਾਪਰਦੀਆਂ ਆ ਰਹੀਆਂ ਘਟਨਾਵਾਂ ਬਾਰੇ ਦੱਸਣ ’ਤੇ ਸ੍ਰੀ ਸਿੱੱਧੂ ਨੇ ਇਸ ਮਸਲੇ ਦਾ ਪੱਕਾ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਦੌਰਾਨ ਜੇਲ੍ਹ ’ਤੇ ਹੋਰ ਕੈਮਰੇ ਲਾਉਣ ਸਮੇਤ ਸਕਿਉਰਿਟੀ ਵਧਾਉਣ ਦੀ ਤਾਕੀਦ ਵੀ ਕੀਤੀ ਗਈ। ਆਹਲਾ ਮਿਆਰੀ ਸੂਤਰਾਂ ਅਨੁਸਾਰ ਇਸ ਦੌਰਾਨ ਉਨ੍ਹਾਂ ਜੇਲ੍ਹ ’ਚ ਖਾਸ ਤੌਰ ’ਤੇ ਗੈਂਗਸਟਰਾਂ ਲਈ ਬਣਾਏ ਗਏ ਵਿਸ਼ੇਸ਼ ਸਕਿਉਰਿਟੀ ਜ਼ੋਨ ਦਾ ਦੌਰਾ ਵੀ ਕੀਤਾ। ਜੇਲ੍ਹ ’ਚ ਦੋ ਦਰਜਨ ਦੇ ਕਰੀਬ ਏ ਅਤੇ ਬੀ ਗਰੇਡ ਦੇ ਗੈਂਗਸਟਰ ਹਨ। ਇਸ ਮਗਰੋਂ ਉਨ੍ਹਾਂ ਨੇ ਜੇਲ੍ਹ ਹਸਪਤਾਲ ਦਾ ਦੌਰਾ ਵੀ ਕੀਤਾ। ਜਦਕਿ ਕੁਝ ਬੈਰਕਾਂ ਅਤੇ ਮਹਿਲਾਵਾਂ ਵਾਲ਼ੀ ਵਾਰਡ ਦੀ ਫੇਰੀ ਵੀ ਪਾਈ ਗਈ। ਉਨ੍ਹਾਂ ਨੇ ਬੰਦੀਆਂ ਲਈ ਬਣਾਏ ਜਾਂਦੇ ਖਾਣੇ ਨੂੰ ਵੀ ਘੋਖਿਆ। ਜ਼ਿਕਰਯੋਗ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸੇ ਹੀ ਜੇਲ੍ਹ ਵਿੱਚ ਬੰਦ ਹਨ ਪਰ ਸ੍ਰੀ ਹਰਪ੍ਰੀਤ ਸਿੱਧੂ ਇਨ੍ਹਾਂ ਦੋਵਾਂ ਰਾਜਸੀ ਆਗੂਆਂ ਵਾਲ਼ੇ ਸੈੱਲਾਂ ਵੱੱਲ ਨਹੀਂ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਥੇ ਆਪਣੇ ਭਰਾ ਮਜੀਠੀਆ ਦੀ ਮੁਲਾਕਾਤ ਲਈ ਆਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਰਪ੍ਰੀਤ ਸਿੱਧੂ ਨੂੰ ਜੇਲ੍ਹਾਂ ਦਾ ਚਾਰਜ ਦੇਣ ’ਤੇ ਸਖ਼ਤ ਇਤਰਾਜ਼ ਜਤਾਇਆ ਸੀ।
ਉਨ੍ਹਾਂ ਕਿਹਾ ਸੀ ਸ੍ਰੀ ਸਿੱਧੂ ਅਤੇ ਉਨ੍ਹਾਂ ਦੇ ਪੇਕੇ ਪਰਿਵਾਰ ਦਰਮਿਆਨ ਪੁਰਾਣੀ ਦੁਸ਼ਮਣੀ ਹੈ। ਇਸ ਕਰਕੇ ਹਰਪ੍ਰੀਤ ਸਿੱਧੂ ਨੂੰ ਜੇਲ੍ਹਾਂ ਦੀ ਜ਼ਿੰਮੇਵਾਰੀ ਸੌਂਪਣ ਨਾਲ ਬੀਬੀ ਬਾਦਲ ਨੇ ਜੇਲ੍ਹ ’ਚ ਮਜੀਠੀਆ ਦੀ ਜਾਨ ਨੂੰ ਖਤਰਾ ਹੋਣ ਦੀ ਗੱਲ ਵੀ ਆਖੀ ਸੀ। ਉਨ੍ਹਾਂ ਨੇ ਨਵਜੋਤ ਸਿੱਧੂ ਦਾ ਸਰਕਾਰ ਵੱਲੋਂ ਖਾਸ ਧਿਆਨ ਰੱਖੇ ਜਾਣ ਦੀ ਗੱਲ ਵੀ ਆਖੀ ਸੀ।