ਗਗਨਦੀਪ ਅਰੋੜਾ
ਲੁਧਿਆਣਾ, 8 ਜਨਵਰੀ
ਸਨਅਤੀ ਸ਼ਹਿਰ ਵਿੱਚ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਏ ਕਿ ਜਿਸ ਰੂਟ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਗਿਆ ਸੀ, ਉਸ ’ਤੇ ਕੇਂਦਰ ਸਰਕਾਰ ਨੇ ਪਹਿਲਾਂ ਖ਼ਤਰਾ ਜ਼ਾਹਿਰ ਕੀਤਾ ਸੀ ਪਰ ਉਸ ਰਸਤੇ ਨੂੰ ਪੰਜਾਬ ਪੁਲੀਸ ਦੇ ਮੁਖੀ ਨੇ ਹਰੀ ਝੰਡੀ ਦਿੱਤੀ ਸੀ, ਜਿਸ ਮਗਰੋਂ ਕਾਫ਼ਲਾ ਉਥੇ ਪੁੱਜਿਆ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਸਿੱਧੂ ਤੇ ਚੰਨੀ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਰਸਤੇ ਵਿੱਚ ਰੋਕਣਾ ਇੱਕ ਸਾਜਿਸ਼ ਸੀ। ਉਨ੍ਹਾਂ ਕਿਹਾ ਕਿ ਤਿੰਨ ਜਨਵਰੀ ਨੂੰ ਕੇਂਦਰੀ ਏਜੰਸੀਆਂ ਨੇ ਸੂਬਾ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਮੌਸਮ ਖਰਾਬ ਹੋਣ ’ਤੇ ਬਠਿੰਡਾ ਹਵਾਈ ਅੱਡੇ ਤੋਂ ਫਿਰੋਜ਼ਪੁਰ ਹੁਸੈਨੀਵਾਲਾ ’ਚ ਸੜਕ ਰਸਤੇ ਜਾ ਸਕਦੇ ਹਨ, ਇਸ ਲਈ ਰਸਤਾ ਤਿਆਰ ਰੱਖਿਆ ਜਾਵੇ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਖੀਰਲੇ ਸਮੇਂ ਦੱਸਿਆ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਰੂਟ ’ਤੇ ਪਹਿਲਾਂ ਹੀ ਪੁਲੀਸ ਭਾਜਪਾ ਵਰਕਰਾਂ ਨੂੰ ਰੋਕ ਰਹੀ ਸੀ। ਇਸ ਦੀ ਜਾਣਕਾਰੀ ਡੀਸੀ ਤੇ ਡੀਜੀਪੀ ਪੰਜਾਬ ਨੂੰ ਭਾਜਪਾ ਵੱਲੋਂ 50 ਮਿੰਟ ਪਹਿਲਾਂ ਦਿੱਤੀ ਗਈ। ਇਸ ਦੇ ਬਾਵਜੂਦ ਡੀਜੀਪੀ ਨੇ ਪ੍ਰਧਾਨ ਮੰਤਰੀ ਨੂੰ ਲਿਆਉਣ ਲਈ ਕਲੀਅਰੈਂਸ ਦਿੱਤੀ।
ਐੱਫਆਈਆਰ ਨੂੰ ਦੱਸਿਆ ਮਜ਼ਾਕ
ਉਨ੍ਹਾਂ ਕਿਹਾ ਕਿ ਡੀਐੱਸਪੀ ਨੇ ਜੋ ਐੱਫਆਈਆਰ ਦਰਜ ਕੀਤੀ ਹੈ, ਉਹ ਵੀ ਇੱਕ ਮਜ਼ਾਕ ਹੈ। ਧਰਨਾ ਲਾਉਣ ਵਾਲੇ ਪੂਰੀ ਦੁਨੀਆ ਦੇ ਸਾਹਮਣੇ ਮੀਡੀਆ ਵਿੱਚ ਬਿਆਨ ਦੇ ਰਹੇ ਹਨ ਅਤੇ ਡੀਐੱਸਪੀ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ, ਜਿਸ ’ਤੇ ਸੁਪਰੀਮ ਕੋਰਟ ਨੇ ਵੀ ਗੰਭੀਰਤਾ ਦਿਖਾਈ ਹੈ ਤੇ ਡੀਐੱਸਪੀ ਨੇ ਉਸ ’ਚ ਅਜਿਹੀ ਧਾਰਾ ਲਾਈ ਹੈ, ਜਿਸ ’ਚ 200 ਰੁਪਏ ਦੇ ਕੇ ਮੌਕੇ ’ਤੇ ਹੀ ਜ਼ਮਾਨਤ ਹੋ ਜਾਂਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।