ਦਵਿੰਦਰ ਪਾਲ
ਚੰਡੀਗੜ੍ਹ, 12 ਅਗਸਤ
ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਪੁਲੀਸ ਮੁਖੀ ਦਿਨਕਰ ਗੁਪਤਾ ’ਤੇ ਵਿਵਾਦਤ ਪੁਲੀਸ ਅਫ਼ਸਰ ਧਰੁਵ ਦਹੀਆ ਦੀ ਪਿੱਠ ਥਾਪੜਨ ਤੇ ਊਸ ਦਾ ਬਚਾਅ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦਾ ਪੁਲੀਸ ਮੁਖੀ ਹੁੰਦਿਆਂ ਧਰੁਵ ਦਹੀਆ ਸ਼ਰਾਬ ਮਾਫੀਆ ’ਤੇ ਕਾਬੂ ਪਾਉਣ ’ਚ ਫੇਲ੍ਹ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਲਾਇਕੀ ਦਾ ਇਨਾਮ ਇਹ ਦਿੱਤਾ ਗਿਆ ਕਿ ਦਹੀਆ ਨੂੰ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦਾ ਐੱਸਐੱਸਪੀ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖੰਨਾ ਜ਼ਿਲ੍ਹੇ ਦੇ ਪੁਲੀਸ ਮੁਖੀ ਹੁੰਦਿਆਂ ਵੀ ਇਸ ਪੁਲੀਸ ਅਧਿਕਾਰੀ ’ਤੇ ਇੱਕ ਪਾਦਰੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦੇ ਦੋਸ਼ ਲੱਗੇ ਸਨ ਤਾਂ ਚੋਣ ਕਮਿਸ਼ਨ ਨੇ ਇਸ ਦਾ ਤਬਾਦਲਾ ਕਰ ਦਿੱਤਾ ਸੀ। ਊਨ੍ਹਾਂ ਕਿਹਾ ਕਿ ਤਰਨ ਤਾਰਨ ਦੇ ਲੋਕਾਂ ਦੀ ਮੰਗ ਹੈ ਕਿ ਐੱਸਐੱਸਪੀ ਧਰੁਵ ਦਹੀਆ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਦਹੀਆ ’ਤੇ ਲੋਕਾਂ ਦੀਆਂ ਜਾਨਾਂ ਲੈਣ ਦਾ ਮਾਮਲਾ ਦਰਜ ਹੋਵੇ ਪਰ ਅਫ਼ਸੋਸ ਕਿ ਇਸ ਅਫ਼ਸਰ ਨੂੰ ਲੋਕਾਂ ਦੇ ਮਰਨ ਕਰਕੇ ਇਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਨਾਗਰਿਕਾਂ ਨੇ ਦਹੀਆ ਨੂੰ ਨਾਜਾਇਜ਼ ਸ਼ਰਾਬ ਬਣਾਉਣ ਵਿਚ ਲੱਗੇ ਅਪਰਾਧੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਸੀ ਤੇ ਸ਼ਰਾਬ ਮਾਫੀਆ ਵੱਲੋਂ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ, ਪਰ ਦਹੀਆ ਨੇ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ 6.65 ਕਰੋੜ ਰੁਪਏ ਦਾ ਹੇਰ-ਫੇਰ ਕਰਨ ਦੇ ਦੋਸ਼ ਲੱਗੇ ਸਨ ਜਦੋਂ ਖੰਨਾ ਪੁਲੀਸ ਨੇ ਛਾਪਾ ਮਾਰਿਆ ਸੀ ਤਾਂ ਪੁਲੀਸ ’ਤੇ ਲੋਕਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਦੋਸ਼ ਵੀ ਲਗਾਏ ਗਏ ਸਨ। ਇਸ ਨੂੰ ਵਿਭਾਗੀ ਜਾਂਚ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਊਨ੍ਹਾਂ ਕਿਹਾ ਕਿ ਇਹ ਵੀ ਅਦਾਲਤ ਵਿਚ ਸਾਬਤ ਹੋ ਗਿਆ ਸੀ ਕਿ ਦਹੀਆ ਨੇ ਝੂਠ ਬੋਲਿਆ ਸੀ ਕਿ ਪੈਸਾ ਤਲਾਸ਼ੀ ਅਪਰੇਸ਼ਨ ‘ਨਾਕਾ’ ਦੌਰਾਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦਹੀਆ ਦੀ ਨਿਗਰਾਨੀ ਹੇਠ ਨਾਜਾਇਜ਼ ਤੌਰ ’ਤੇ ਫੜੇ 16.66 ਕਰੋੜ ਰੁਪਏ ਵਿੱਚੋਂ 1.50 ਕਰੋੜ ਰੁਪਏ ਹਾਲੇ ਵੀ ਗਾਇਬ ਹਨ ਪਰ ਇਸ ਦੇ ਬਾਵਜੂਦ ਉਸ ਨੂੰ ਐੱਸਐੱਸਪੀ ਨਿਯੁਕਤ ਕਰ ਕੇ ਇਨਾਮ ਦਿੱਤਾ ਗਿਆ।