ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 24 ਅਕਤੂਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਦੇਵੀਦਾਸਪੁਰਾ ਵਿਖੇ 31ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇਵੀਦਾਸਪੁਰ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ 23 ਅਕਤੂਬਰ ਦੇ ਪੂਰੇ ਪੰਜਾਬ ਵਿੱਚ ਬੀਬੀਆਂ ਦੇ ਇਕੱਠ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਦੂਸਰੇ ਪਾਸੇ ਮੋਦੀ ਸਰਕਾਰ ਹਰ ਰੋਜ਼ ਯੋਜਨਾਬੱਦ ਤਰੀਕੇ ਨਾਲ ਕੋਈ ਨਾ ਕੋਈ ਬਿਆਨ ਦੇ ਕੇ ਕਿਸਾਨ ਅੰਦੋਲਨ ਦਾ ਸਿਆਸੀਕਰਨ ਕਰਨ ਤੇ ਦੇਸ਼ ਦੇ ਪ੍ਰਚਾਰ ਮਾਧਿਅਮ ਦਾ ਧਿਆਨ ਸੰਘਰਸ਼ ਤੋਂ ਹੋਰ ਪਾਸੇ ਹਟਾਉਣ ਦਾ ਯਤਨ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਪ੍ਰਧਾਨ ਮੰਤਰੀ ਦਾ ਬਿਹਾਰ ਚੋਣਾਂ ਵਿੱਚ ਇਸ ਤਰ੍ਹਾਂ ਦੇ ਬਿਆਨ ਦੇਣਾ ਇਹ ਸੰਕੇਤ ਹੈ ਕਿ ਕਿਸਾਨਾਂ ਦਾ ਸੰਘਰਸ਼ ਸ਼ਾਂਤ ਮਈ ਤਰੀਕੇ ਨਾਲ ਸਫਲਤਾ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਹੁਣ 25 ਅਕਤੂਬਰ ਤੋਂ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਅੰਬਾਨੀ ਅਡਾਨੀ ਦੇ ਅਰਥੀ ਫੂਕ ਮੁਜ਼ਾਹਰੇ ਕਰਨ ਜਾ ਰਹੇ ਹਨ। ਇਸ ਮੌਕੇ ਅਮਰਦੀਪ ਸਿੰਘ ਗੋਪੀ, ਚਰਨ ਸਿੰਘ, ਚਰਨਜੀਤ ਸਿੰਘ, ਮੁਖਬੈਨ ਸਿੰਘ, ਸਵਿੰਦਰ ਸਿੰਘ, ਝਿਰਮਲ ਸਿੰਘ, ਟੇਕ ਸਿੰਘ, ਗੁਰਭੇਜ ਸਿੰਘ, ਕਰਮ ਸਿੰਘ, ਹਰਬਿੰਦਰ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਜੱਸਾ ਸਿੰਘ, ਇੰਦਰਜੀਤ ਸਿੰਘ, ਸਲਵਿੰਦਰ ਸਿੰਘ, ਹਰਭਜਨ ਸਿੰਘ, ਗੁਰਭੇਜ ਸਿੰਘ, ਅਨਮੋਲਕ ਸਿੰਘ, ਕੁਲਦੀਪ ਸਿੰਘ, ਅੰਗਰੇਜ਼ ਸਿੰਘ, ਜੋਗਾ ਸਿੰਘ, ਸਰਬਪਾਲ ਸਿੰਘ, ਕਰਨਜੀਤ ਸਿੰਘ, ਤਰਸੇਮ ਸਿੰਘ, ਕਾਬਲ ਸਿੰਘ ਨੇ ਸੰਬੋਧਨ ਕੀਤਾ।