ਜਤਿੰਦਰ ਬੈਂਸ
ਗੁਰਦਾਸਪੁਰ, 22 ਦਸੰਬਰ
ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਹੁਣ ਤੱਕ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੀ ਰਿਹਾ ਹੈ। ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ 2017 ਤੋਂ ਪਹਿਲਾਂ ਇੱਥੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਗਏ ਸਨ। ਸਰਹੱਦੀ ਇਲਾਕਾ ਹੋਣ ਕਾਰਨ ਬੇਰੁਜ਼ਗਾਰੀ ਹਲਕੇ ਦੀ ਮੁੱਖ ਸਮੱਸਿਆ ਰਹੀ ਹੈ।
ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵੇਲੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਹਨ। ਉਹ ਉੱਘੇ ਸਿਆਸਤਦਾਨ ਮਰਹੂਮ ਕਰਤਾਰ ਸਿੰਘ ਪਾਹੜਾ ਦੇ ਪੋਤਰੇ ਹਨ। ਕਾਂਗਰਸ ਦੇ ਯੂਥ ਵਿੰਗ ਵਿੱਚ ਨੌਜਵਾਨਾਂ ਦੀ ਨੁਮਾਇੰਦਗੀ ਕਰਦੇ ਰਹੇ ਨੌਜਵਾਨ ਆਗੂ ਬਰਿੰਦਰਮੀਤ ਸਿੰਘ ਪਾਹੜਾ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਯੂਥ ਕੋਟੇ ਵਿੱਚ ਟਿਕਟ ਦਿੱਤੀ ਗਈ ਸੀ। ਪਹਿਲੀ ਵਾਰ ਵਿਧਾਇਕ ਬਣੇ ਬਰਿੰਦਰਮੀਤ ਸਿੰਘ ਪਾਹੜਾ ਸਰਕਾਰ ਕੋਲੋਂ ਹਲਕੇ ਲਈ ਗ੍ਰਾਟਾਂ ਲਿਆਉਣ ਵਿੱਚ ਸਫ਼ਲ ਰਹੇ ਹਨ। ਸ਼ਹਿਰ ਤੇ ਪਿੰਡਾਂ ਅੰਦਰ ਕੀਤੇ ਵਿਕਾਸ ਕੰਮ ਨਜ਼ਰ ਆਉਂਦੇ ਹਨ।
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ ਚੋਣਾਂ 2017 ਦੌਰਾਨ ਗੁਰਦਾਸਪੁਰ ਦਾ ਮੁੱਖ ਬੱਸ ਅੱਡਾ ਬਣਵਾਉਣ ਅਤੇ ਸ਼ਹਿਰ ਦੇ ਤਿੱਬੜੀ ਰੋਡ ਉੱਤੇ ਪੈਂਦੇ ਰੇਲਵੇ ਫਾਟਕ ਉੱਤੇ ਬ੍ਰਿਜ ਉਸਾਰਨ ਦਾ ਵਾਅਦਾ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਇਹ ਮੁੱਖ ਪ੍ਰਾਜੈਕਟ ਸਿਰੇ ਨਾ ਚਾੜ੍ਹ ਸਕੇ ਤਾਂ ਸਿਆਸਤ ਛੱਡ ਦੇਣਗੇ ਅਤੇ ਮੁੜ ਚੋਣਾਂ ਨਹੀਂ ਲੜਨਗੇ। ਉਨ੍ਹਾਂ ਦੋਵੇਂ ਵਾਅਦੇ ਪੂਰੇ ਕਰਦਿਆਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਵਾਇਆ ਹੈ ਪਰ ਕੰਮ ਮੁਕੰਮਲ ਨਾ ਕਰਵਾ ਸਕਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ।
ਵਿਧਾਇਕ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਅੰਦਰ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੁੰਦਰ ਚੌਕ ਬਣਾਏ ਗਏ ਹਨ। ਸਟਰੀਟ ਲਾਈਟਾਂ ਲਾਉਣ ਤੋਂ ਇਲਾਵਾ ਸੜਕਾਂ ਚੌੜੀਆਂ ਕਰਨ ਸਣੇ ਨਵੀਨੀਕਰਨ ਕੀਤਾ ਹੈ। ਪਿੰਡਾਂ ਅੰਦਰ ਸਟੇਡੀਅਮ, ਪਾਰਕ, ਸ਼ਮਸ਼ਾਨਘਾਟ, ਥਾਪਰ ਮਾਡਲ ਛੱਪੜ ਬਣਾਏ ਹਨ। ਇਸੇ ਤਰ੍ਹਾਂ ਉਨ੍ਹਾਂ ਸਰਕਾਰੀ ਸਿਵਲ ਹਸਪਤਾਲ ਨੂੰ 100 ਤੋਂ 200 ਬਿਸਤਰਿਆਂ ਦਾ ਕਰਵਾ ਕੇ ਅੱਠ ਏਕੜ ਵਿੱਚ ਮੈਡੀਕਲ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਦਿਵਾਈ ਹੈ। ਸ੍ਰੀ ਪਾਹੜਾ ਨੇ ਕਿਹਾ ਕਿ ਇਲਾਕੇ ਦੇ ਪਿੰਡ ਡੱਲਾ ਗੌਰੀਆਂ ਵਿੱਚ ਸੈਨਿਕ ਸਕੂਲ ਖੋਲ੍ਹਣ ਲਈ 25 ਏਕੜ ਦਾ ਜ਼ਮੀਨ ਦਾ ਪ੍ਰਬੰਧ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਜਿਸ ਚੋਣ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਵਿਧਾਇਕ ਵੱਲੋਂ ਕੀਤੀ ਜਾ ਰਹੀ ਹੈ, ਉਹ ਅਜੇ ਮੁਕੰਮਲ ਨਹੀਂ ਹੋਇਆ ਹੈ। ਦੋਵੇਂ ਪ੍ਰਾਜੈਕਟ ਅੱਧ ਵਿਚਾਲੇ ਲਟਕੇ ਹੋਏ ਹਨ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਵਿਧਾਇਕ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਕਿਹਾ ਕਿ ਪਹਿਲਾਂ ਤੋਂ ਬਣੀਆਂ ਗਲੀਆਂ-ਨਾਲੀਆਂ ’ਤੇ ਇੱਟਾਂ ਲਵਾਉਣ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਧਾਇਕ ਵੀ ਸਰਕਾਰ ਦਾ ਹੀ ਹਿੱਸਾ ਹੈ ਅਤੇ ਅੱਜ ਹਰੇਕ ਵਰਗ ਹੀ ਕਾਂਗਰਸ ਦੀ ਸਰਕਾਰ ਤੋਂ ਪ੍ਰੇਸ਼ਾਨ ਹੈ।