ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਜਨਵਰੀ
ਸਾਢੇ ਚਾਰ ਲੱਖ ਦੇ ਕਰੀਬ ਆਬਾਦੀ ਵਾਲੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਚੌਥੀ ਵਾਰ ਵਿਧਾਇਕ ਬਣੇ ਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਪਟਿਆਲਾ ’ਚ ਚੱਲ ਰਹੇ ਵਿਕਾਸ ਕਾਰਜ ਮੱਠੇ ਪੈ ਗਏ।
ਚੋਣ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਟਿਆਲਾ ’ਚ ਬਹੁਤ ਘੱਟ ਆਏ ਪਰ ਸ਼ਹਿਰ ਵਿੱਚ ਵਿਕਾਸ ਕੰਮ ਹੁੰਦੇ ਰਹੇ। ਵਿਰੋਧੀਆਂ ਵੱਲੋਂ ਇਹ ਦੋਸ਼ ਲਗਾਤਾਰ ਲੱਗਦੇ ਰਹੇ ਕਿ ਪਟਿਆਲਾ ਦੇ ਵਿਕਾਸ ਲਈ ਪੈਸਾ ਬਹੁਤ ਆ ਰਿਹਾ ਹੈ ਪਰ ਇਸ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਾਸੀਆਂ ਲਈ 504 ਕਰੋੜ ਦੀ ਲਾਗਤ ਵਾਲਾ ਪਾਣੀ ਸੋਧ ਪ੍ਰਾਜੈਕਟ ਅਜੇ ਸ਼ੁਰੂ ਹੀ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪੈ ਗਿਆ। ਨਵਾਂ ਬੱਸ ਅੱਡਾ ਬਣਾਉਣ ਦਾ ਕੰਮ ਹੁਣ ਮੱਠਾ ਪੈ ਗਿਆ। ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਵੀ ਠੰਢੇ ਬਸਤੇ ਵਿੱਚ ਹੈ। ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਦੀ ਕੋਠੀ ਵਿੱਚ ਚੱਲ ਰਹੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਨੂੰ ਵੀ ਸ਼ਾਇਦ ਹੁਣ ਇਮਾਰਤ ਨਾ ਮਿਲੇ। ਦੁਧਾਰੂ ਪਸ਼ੂਆਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਲਈ ਅਬਲੋਵਾਲ ਕੋਲ ਡੇਅਰੀ ਪ੍ਰਾਜੈਕਟ ਦਾ ਕੰਮ ਵੀ ਰੁਕ ਗਿਆ ਹੈ। ਪਟਿਆਲਾ ਦੀ ਵਿਰਾਸਤ ਸ਼ੀਸ਼ ਮਹਿਲ ਅਜੇ ਵੀ ਲੋਕਾਂ ਤੋਂ ਦੂਰ ਹੈ। ਸਮਾਣੀਆ ਗੇਟ ਤੋਂ ਕਿਲ੍ਹਾ ਚੌਕ ਹੁੰਦੀ ਹੋਈ ਏ-ਟੈਂਕ ਤੱਕ 42 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਵਿਰਾਸਤੀ ਸੜਕ ਹਾਲੇ ਸ਼ੁਰੂ ਨਹੀਂ ਹੋਈ ਹੈ। ਰਾਜਿੰਦਰਾ ਝੀਲ ਬਣ ਗਈ ਹੈ ਪਰ ਲੋਕਾਂ ਦੇ ਕਿਸੇ ਕੰਮ ਦੀ ਨਹੀਂ। ਡੀਅਰ ਪਾਰਕ ਵਿਸਥਾਰ ਦਾ ਪ੍ਰਾਜੈਕਟ ਵੀ ਥਾਵੇਂ ਰਹਿ ਗਿਆ। ਮੈਡਲ ਗੈਲਰੀ ਹੁਣ ਸੁਸਤ ਰਫ਼ਤਾਰ ਨਾਲ ਬਣਾਈ ਹੀ ਜਾ ਰਹੀ ਹੈ। ਸ਼ਹਿਰ ਵਿੱਚ 665 ਕਿਲੋਮੀਟਰ ਸੜਕਾਂ ਬਣਨੀਆਂ ਅਜੇ ਬਾਕੀ ਹਨ। ਇਸੇ ਤਰ੍ਹਾਂ 206 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵੱਡੀ ਤੇ ਛੋਟੀ ਨਦੀ ਦੇ ਸੁੰਦਰੀਕਰਨ ਦਾ ਕੰਮ ਵੀ ਅਧੂਰਾ ਪਿਆ ਹੈ।
ਮੇਅਰ ਸੰਜੀਵ ਸ਼ਰਮਾ ਨੇ ਵਿਕਾਸ ਕੰਮ ਗਿਣਾਉਂਦਿਆਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਕਾਰਨ ਸਵੱਛਤਾ ਸਰਵੇਖਣ ਵਿੱਚ ਪਟਿਆਲਾ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਆਇਆ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਟਿਆਲਾ ਦੇ ਲੋਕਾਂ ਦੀ ਆਸ ਅਨੁਸਾਰ ਪੂਰੇ ਕੰਮ ਕਰਵਾਏ ਗਏ ਹਨ। ਹੁਣ ਚੰਨੀ ਸਰਕਾਰ ਨੇ ਪਟਿਆਲਾ ਵਿੱਚ ਚੱਲ ਰਹੇ ਕੰਮਾਂ ਨੂੰ ਬੰਦ ਹੀ ਕਰਵਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਰਜਕਾਲ ਦੌਰਾਨ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਆਏ ਹੀ ਨਹੀਂ ਹਨ ਤੇ ਉਨ੍ਹਾਂ ਨੇ ਪਟਿਆਲਾ ਦੇ ਵਿਕਾਸ ਦਾ ਪ੍ਰਭਾਵੀ ਤੌਰ ’ਤੇ ਕੋਈ ਕੰਮ ਨਹੀਂ ਕੀਤਾ।
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਲਈ ਬਹੁਤ ਰਕਮ ਆਈ, ਕੰਮ ਵੀ ਸ਼ੁਰੂ ਹੋਏ ਪਰ ਸਿਰੇ ਕੋਈ ਨਹੀਂ ਚੜ੍ਹਿਆ। ਅਮਰਿੰਦਰ ਹੋਰੀਂ ਪਟਿਆਲਾ ਵਿੱਚ ਆਏ ਹੀ ਨਹੀਂ। ਇਸ ਕਰਕੇ ਨਗਰ ਨਿਗਮ ਨੇ ਮਨਮਰਜ਼ੀਆਂ ਕੀਤੀਆਂ।
“ਚੰਨੀ ਸਰਕਾਰ ਨੇ ਪਟਿਆਲਾ ਵਿੱਚ ਚੱਲ ਰਹੇ ਕੰਮਾਂ ਨੂੰ ਬੰਦ ਕਰਵਾਇਆ।”
-ਅਮਰਿੰਦਰ ਸਿੰਘ, ਲੋਕ ਕਾਂਗਰਸ ਪਾਰਟੀ |
“ਰਕਮ ਬਹੁਤ ਆਈ, ਕੰਮ ਵੀ ਸ਼ੁਰੂ ਹੋਏ ਪਰ ਸਿਰੇ ਕੋਈ ਨਹੀਂ ਚੜ੍ਹਿਆ।”
-ਕੁੰਦਨ ਗੋਗੀਆ, ‘ਆਪ’ |
“ਆਪਣੇ ਕਾਰਜਕਾਲ ਦੌਰਾਨ ਕੈਪਟਨ ਪਟਿਆਲਾ ਆਏ ਹੀ ਨਹੀਂ।”
-ਹਰਪਾਲ ਜੁਨੇਜਾ, ਅਕਾਲੀ ਦਲ |