ਚਰਨਜੀਤ ਭੁੱਲਰ
ਚੰਡੀਗੜ੍ਹ, 11 ਮਾਰਚ
ਪੰਜਾਬ ਸਰਕਾਰ ਵੱਲੋਂ ਬੀਤੇ ਪੰਜ ਵਰ੍ਹਿਆਂ ਵਿੱਚ ਕਰੀਬ 650 ਕਰੋੜ ਦੀ ਸ਼ਹਿਰੀ ਜਾਇਦਾਦ ਵੇਚ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰਾਂ ਦੇ ਵਿਕਾਸ ਦੀ ਗੱਡੀ ਤੋਰੀ ਜਾ ਰਹੀ ਹੈ। ਇਹ ਵੇਚੀ ਗਈ ਸੰਪਤੀ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਿਤ ਹੈ ਜਦੋਂਕਿ ਬਾਕੀ ਦਰਜਨਾਂ ਵਿਭਾਗਾਂ ਨੇ ਵੱਖਰੀ ਜਾਇਦਾਦ ਨਿਲਾਮੀ ’ਤੇ ਲਾਈ ਹੋਈ ਹੈ ਜਿਸ ਦਾ ਕੋਈ ਗਾਹਕ ਨਹੀਂ ਲੱਭ ਰਿਹਾ ਹੈ। ਬੀਤੇ ਇੱਕ ਦਹਾਕੇ ਤੋਂ ਪ੍ਰਾਪਰਟੀ ’ਚ ਮੰਦਾ ਚੱਲ ਰਿਹਾ ਹੈ, ਜਿਸ ਕਰਕੇ ਸਰਕਾਰੀ ਜਾਇਦਾਦ ਵੇਚਣੀ ਸਰਕਾਰ ਲਈ ਸੌਖਾ ਕੰਮ ਨਹੀਂ ਰਿਹਾ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜੋ ਸ਼ਹਿਰੀ ਸੰਪਤੀ ਵੇਚੀ ਗਈ ਹੈ, ਉਹ ਵੀ ਵੱਖ ਵੱਖ ਸਕੀਮਾਂ ਤਹਿਤ ਕੱਟੇ ਪਲਾਟ ਅਤੇ ਦੁਕਾਨਾਂ ਆਦਿ ਦੀ ਵੇਚ ਵੱਟਤ ਕੀਤੀ ਗਈ ਹੈ।
ਪੁਡਾ ਪੰਜਾਬ ਨੇ ਰਾਜ ਭਰ ’ਚ ਅਜਿਹੀਆਂ ਸੰਪਤੀਆਂ ਦੀ ਸ਼ਨਾਖ਼ਤ ਕੀਤੀ ਹੋਈ ਹੈ, ਜਿਸ ਨੂੰ ਵੇਚਿਆ ਜਾਣਾ ਹੈ। ‘ਆਪ’ ਵਿਧਾਇਕ ਬਲਦੇਵ ਸਿੰਘ ਜੈਤੋ ਨੂੰ ਜੋ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵੇਰਵੇ ਭੇਜੇ ਗਏ ਹਨ, ਉਨ੍ਹਾਂ ਅਨੁਸਾਰ ਬੀਤੇ ਪੰਜ ਵਰ੍ਹਿਆਂ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਨੇ 664.29 ਕਰੋੋੜ ਦੀ ਜਾਇਦਾਦ ਵੇਚੀ ਹੈ ਅਤੇ ਇਹ ਰਕਮ ਖ਼ਜ਼ਾਨੇ ’ਚ ਆ ਚੁੱਕੀ ਹੈ। ਪੰਜਾਬ ’ਚ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਨਗਰ ਸੁਧਾਰ ਟਰੱਸਟਾਂ ਵੱਲੋਂ ਇਹ ਸੰਪਤੀ ਦੀ ਵੇਚ ਵੱਟਤ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖ਼ਜ਼ਾਨਾ ਬਿਹਤਰ ਸਥਿਤੀ ਵਿੱਚ ਨਾ ਹੋਣ ਕਰਕੇ ਸ਼ਹਿਰੀ ਵਿਕਾਸ ਨੂੰ ਧੱਕਾ ਲਾਉਣ ਲਈ ਇਨ੍ਹਾਂ ਸੰਪਤੀਆਂ ਤੋਂ ਪ੍ਰਾਪਤ ਹੋਈ ਕਮਾਈ ਹੀ ਕੰਮ ਆਈ ਹੈ। ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਪੰਜ ਵਰ੍ਹਿਆਂ ਦੌਰਾਨ 81.09 ਕਰੋੜ ਦੀ ਜਾਇਦਾਦ ਵੇਚੀ ਗਈ ਹੈ।
ਫਾਜ਼ਿਲਕਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵੱਲੋਂ ਇਨ੍ਹਾਂ ਪੰਜ ਸਾਲਾਂ ਦੌਰਾਨ 46.24 ਕਰੋੜ ਦੀ ਜਾਇਦਾਦ ਵੇਚੀ ਗਈ ਹੈ ਜਦੋਂਕਿ ਅਬੋਹਰ ਨਗਰ ਨਿਗਮ ਵੱਲੋਂ 29.48 ਕਰੋੜ ਦੀ ਸੰਪਤੀ ਵੇਚੀ ਗਈ ਹੈ। ਇਸੇ ਤਰ੍ਹਾਂ ਭੁੱਚੋ ਮੰਡੀ ਵਿੱਚ ਜਲ ਘਰ ਦੀ ਖਾਲੀ ਪਈ ਜਗ੍ਹਾ ਵੀ 4.69 ਕਰੋੜ ਰੁਪਏ ਵਿੱਚ ਵੇਚੀ ਗਈ ਹੈ। ਇਸੇ ਤਰ੍ਹਾਂ ਮਾਲੇਰਕੋਟਲਾ, ਸੰਗਰੂਰ, ਸਮਾਣਾ, ਸਨੌਰ, ਬਨੂੜ ਅਤੇ ਜ਼ੀਰਕਪੁਰ ਵਿੱਚ ਸ਼ਹਿਰੀ ਜਗ੍ਹਾ ਵੇਚੀ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਵਿੱਚ ਪੁਰਾਣੀ ਦਫ਼ਤਰ ਇਮਾਰਤ 1.70 ਕਰੋੜ ਦੀ ਵੇਚੀ ਗਈ ਜਦੋਂ ਕਿ ਚਮਕੌਰ ਸਾਹਿਬ ਵਿੱਚ 42 ਏਕੜ ਜ਼ਮੀਨ 14.71 ਕਰੋੜ ਦੀ ਵੇਚੀ ਗਈ।
ਨਗਰ ਨਿਗਮ ਲੁਧਿਆਣਾ ਨੇ 6.05 ਕਰੋੋੜ ਦੀ ਸੰਪਤੀ ਵੇਚੀ ਹੈ ਜਦੋਂ ਕਿ ਹੁਸ਼ਿਆਰਪੁਰ ਨਗਰ ਨਿਗਮ ਨੇ ਪਿੰਡ ਬਜਵਾੜਾ ਨੂੰ ਜਾਂਦੀ ਸੜਕ ’ਤੇ ਸਥਿਤ 112 ਕਨਾਲ ਜ਼ਮੀਨ 12.65 ਕਰੋੜ ਦੀ ਵੇਚੀ ਹੈ। ਅੰਮ੍ਰਿਤਸਰ ਨਗਰ ਨਿਗਮ ਨੇ ਵੀ 10.42 ਕਰੋੜ ਦੀ ਜਾਇਦਾਦ ਵੇਚ ਦਿੱਤੀ ਹੈ। ਇਸੇ ਤਰ੍ਹਾਂ ਹੀ ਰੋਪੜ ਨਗਰ ਸੁਧਾਰ ਟਰੱਸਟ ਨੇ ਟਰਾਂਸਪੋਰਟ ਨਗਰ ਵਾਲੀ ਜ਼ਮੀਨ ਵੇਚ ਕੇ 1.48 ਕਰੋੋੜ ਕਮਾਏ ਹਨ।
ਕਪੂਰਥਲਾ ਨਗਰ ਨਿਗਮ ਨੇ ਰਾਜੀਵ ਗਾਂਧੀ ਐਨਕਲੇਵ ਵਾਲੀ ਜਗ੍ਹਾ, ਜਾਮਾ ਮਸਜਿਦ ਵਾਲੀ ਅਤੇ ਮਾਡਲ ਟਾਊਨ ਵਿਚਲੀ ਜਗ੍ਹਾ ਵੇਚ ਕੇ 2.56 ਕਰੋੜ ਦੀ ਆਮਦਨੀ ਖੜ੍ਹੀ ਕੀਤੀ ਹੈ। ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ ਇਸ ਸਮੇਂ ਦੌਰਾਨ 13.25 ਕਰੋੜ ਦੀ ਸੰਪਤੀ ਦੀ ਵਿਕਰੀ ਕੀਤੀ ਗਈ ਹੈ। ਇਵੇਂ ਹੀ ਨਾਭਾ ਵਿੱਚ ਵਪਾਰਕ ਕੰਪਲੈਕਸਾਂ ਦੀ 98.23 ਕਰੋੋੜ ਦੀ ਜਾਇਦਾਦ ਵਿਕੀ ਹੈ। ਸਰਕਾਰੀ ਅਧਿਕਾਰੀ ਆਖਦੇ ਹਨ ਕਿ ਸ਼ਹਿਰਾਂ ਵਿਚ ਜੋ ਕਲੋਨੀਆਂ ਜਾਂ ਵਪਾਰਿਕ ਕੰਪਲੈਕਸ ਵਿਕਸਿਤ ਕੀਤੇ ਜਾਂਦੇ ਹਨ, ਉਨ੍ਹਾਂ ਦੀ ਹੀ ਸੰਪਤੀ ਨਿਲਾਮੀ ਜ਼ਰੀਏ ਵੇਚੀ ਜਾਂਦੀ ਹੈ।
ਇੰਜ ਤਰੱਕੀ ਨਹੀਂ ਹੋਵੇਗੀ : ਜੈਤੋ
ਵਿਧਾਇਕ ਬਲਦੇਵ ਸਿੰਘ ਜੈਤੋ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁਰੂ ਤੋਂ ਹੀ ਖ਼ਜ਼ਾਨਾ ਖਾਲੀ ਹੋਣ ਦੀ ਰੱਟ ਫੜੀ ਹੋਈ ਹੈ, ਜਿਸ ਨਾਲ ਸਭ ਤੋਂ ਵੱਧ ਭਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਲਈ ਕਰਜ਼ਾ ਚੁੱਕ ਰਹੀ ਹੈ ਅਤੇ ਨਾਲ ਹੀ ਜ਼ਮੀਨਾਂ ਵੀ ਵੇਚ ਰਹੀ ਹੈ। ਮਾੜੇ ਪ੍ਰਬੰਧਨ ਕਾਰਨ ਪੰਜਾਬ ਦਿਨੋਂ ਦਿਨ ਪੱਛੜਦਾ ਜਾ ਰਿਹਾ ਹੈ। ਜ਼ਮੀਨਾਂ ਵੇਚ ਵੇਚ ਕੇ ਪੰਜਾਬ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ।