ਜੈਸਮੀਨ ਭਾਰਦਵਾਜ
ਨਾਭਾ, 12 ਜੁਲਾਈ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਨਾਭਾ ਤੋਂ ‘ਆਪ’ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਾਰਟੀ ਵਰਕਰਾਂ ਨੂੰ ਇੰਚਾਰਜ ਥਾਪਣ ਦਾ ਵਿਰੋਧ ਕੀਤਾ ਹੈ। ਸ੍ਰੀ ਖਹਿਰਾ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ, ‘‘ਜੇਕਰ ਤੁਹਾਡੇ ਵਿਧਾਇਕਾਂ ਨੇ ਸਰਕਾਰੀ ਵਿਭਾਗ ਵਿੱਚ ਆਪਣੇ ‘ਨੇੜਲਿਆਂ’ ਨੂੰ ਹੀ ਇੰਚਾਰਜ ਥਾਪਣਾ ਹੈ ਤਾਂ ਅਫਸਰਸ਼ਾਹੀ ਨੂੰ ਘਰ ਤੋਰ ਦਿੱਤਾ ਜਾਵੇ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ਇਨ੍ਹਾਂ ਦੇ ਹੱਥ ਕਿਉਂ ਨਾ ਦਿਓ?’’ ਇਸ ਸਬੰਧੀ ਫੋਨ ’ਤੇ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਇੰਚਾਰਜ ਥਾਪਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਇਹ ਸਰਕਾਰੀ ਕੰਮ ਉੱਪਰ ਆਪਣਾ ਦਬਾਅ ਬਣਾਉਣ ਦਾ ਤਰੀਕਾ ਹੈ। ਜਿਹੜੀ ਪਾਰਟੀ ਹਲਕਾ ਇੰਚਾਰਜ ਪ੍ਰਥਾ ਦਾ ਵਿਰੋਧ ਕਰਦੀ ਸੀ, ਉਹ ਅੱਜ ਵਿਭਾਗਾਂ ਵਿੱਚ ਆਪਣੇ ਇੰਚਾਰਜ ਥਾਪ ਰਹੀ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇਵ ਮਾਨ ਵੱਲੋਂ ਖੁਰਾਕ, ਪੰਚਾਇਤ, ਮਾਲ ਤੇ ਹੋਰ ਵਿਭਾਗਾਂ ਵਿੱਚ ਪਾਰਟੀ ਵਰਕਰ ਨੂੰ ਇੰਚਾਰਜ ਥਾਪੇ ਗਏ ਹਨ। ਇਸ ਸਬੰਧੀ ‘ਆਪ’ ਵਰਕਰ ਸੋਸ਼ਲ ਮੀਡੀਆ ’ਤੇ ਦੇਵ ਮਾਨ ਲਈ ਧੰਨਵਾਦੀ ਪੋਸਟਰ ਵੀ ਸਾਂਝੇ ਕਰ ਰਹੇ ਹਨ, ਜਿਨ੍ਹਾਂ ਵਿਚੋਂ ਸੁਖਪਾਲ ਖਹਿਰਾ ਨੇ ਕੁਝ ਪੋਸਟਰ ਮੁੱਖ ਮੰਤਰੀ ਨੂੰ ਟੈਗ ਕੀਤੇ ਹਨ।
ਲੋਕਾਂ ਦੀ ਸਹੂਲਤ ਲਈ ਲਾਏ ਇੰਚਾਰਜ: ਦੇਵ ਮਾਨ
ਇਸ ਸਬੰਧੀ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਇਹ ਇੰਚਾਰਜ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਹਨ ਤਾਂ ਕਿ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਦੇਵ ਮਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਸੈਂਕੜੇ ਲੋਕ ਸਰਕਾਰੀ ਦਫ਼ਤਰਾਂ ਦੇ ਕੰਮ ਲੈ ਕੇ ਆਉਂਦੇ ਹਨ ਤੇ ਉਹ ਇਕੱਲੇ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ। ਇਸ ਲਈ ਇਹ ਇੰਚਾਰਜ ਵਿਭਾਗ ਅਤੇ ਲੋਕਾਂ ਵਿਚਾਲੇ ਕੜੀ ਵਜੋਂ ਕੰਮ ਕਰਨਗੇ।