ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਮਈ
ਇੱਥੇ ਥਾਣਾ ਬਾਘਾਪੁਰਾਣਾ ਦੀ ਹਵਾਲਾਤ ਵਿੱਚ ਪੈਟਰੋਲ ਪੰਪ ਤੋਂ ਲੁੱਟਖੋਹ ਦੇ ਦੋਸ਼ ਹੇਠ ਬੰਦ ਨੌਜਵਾਨ ਨੇ ਪੁਲੀਸ ਰਿਮਾਂਡ ਦੌਰਾਨ ਹਵਾਲਾਤ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਸਾਰੀ ਘਟਨਾ ਥਾਣੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੇਰਵਿਆਂ ਅਨੁਸਾਰ ਦਸੰਬਰ 2021 ਵਿੱਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ ’ਤੇ 17 ਹਜ਼ਾਰ ਰੁਪਏ ਦੀ ਲੁੱਟਖੋਹ ਮਾਮਲੇ ਵਿੱਚ ਮੱਖਣ ਸਿੰਘ ਪੁੱਤਰ ਜਗਸੀਰ ਸਿੰਘ ਪਿੰਡ ਮਾਣੂਕੇ ਸੰਧੂਆਂ (ਜਗਰਾਉਂ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਪੜਤਾਲ ਲਈ ਪੁਲੀਸ ਨੇ ਅਦਾਲਤ ਤੋਂ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ ਅਤੇ ਅੱਜ ਮੁੜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਨੇ ਮੰਗਲਵਾਰ ਦੀ ਸਵੇਰੇ ਕਰੀਬ ਸਾਢੇ ਪੰਜ ਵਜੇ ਹਵਾਲਾਤ ਅੰਦਰ ਬਣੇ ਬਾਥਰੂਮ ਵਿੱਚ ਜਾ ਕੇ ਆਪਣੀ ਬਨੈਣ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਜਾਣਕਾਰੀ ਹਵਾਲਾਤ ’ਚ ਬੰਦ ਇਕ ਹੋਰ ਮੁਲਜ਼ਮ ਨੇ ਪੁਲੀਸ ਨੂੰ ਦਿੱਤੀ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਪਹਿਲਾਂ ਬਾਘਾਪੁਰਾਣਾ ਹਸਪਤਾਲ ਤੇ ਬਾਅਦ ਵਿੱਚ ਫ਼ਰੀਦਕੋਟ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮਿਤਕ ਕਥਿਤ ਤੌਰ ਉੱਤੇ ਨਸ਼ਿਆਂ ਦਾ ਆਦੀ ਸੀ ਅਤੇ ਉਸ ਖ਼ਿਲਾਫ਼ ਪੰਜ ਕੇਸ ਦਰਜ ਸਨ। ਉਨ੍ਹਾਂ ਦੱਸਿਆ ਕਿ ਕਥਿਤ ਲਾਪਰਵਾਹੀ ਲਈ ਡਿਊਟੀ ਉੱਤੇ ਤਾਇਨਾਤ ਸੰਤਰੀ ਤੇ ਮੁਨਸ਼ੀ ਖ਼ਿਲਾਫ਼ ਵਿਭਾਗੀ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ। ਜੁਡੀਸ਼ਲ ਮੈਜਿਸਟਰੇਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ।