ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜੂਨ
ਇਥੋਂ ਨੇੜਲੇ ਪਿੰਡ ਰਾਮਪੁਰਾ ਦੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਭਰ ਵਿੱਚ ਰੋਸ ਫੈਲ ਗਿਆ। ਘਟਨਾ ਸਥਾਨ ’ਤੇ ਵੱਖ ਵੱਖ ਧਾਰਮਿਕ ਸਖਸ਼ੀਅਤਾਂ ਅਤੇ ਪੁਲੀਸ ਅਧਿਕਾਰੀ ਪਹੁੰਚ ਗਏ। ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਕੱਲ੍ਹ ਸਵੇਰੇ ਸਰੂਪ ਦੇ ਦਰਸ਼ਨ ਕੀਤੇ ਤਾਂ 7 ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਸਬੰਧੀ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ। ਕਮੇਟੀ ਵੱਲੋਂ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ 12 ਸਾਲ ਦੀ ਲੜਕੀ ਵੱਲੋਂ ਇਸ ਮੰਦਭਾਗੀ ਘਟਨਾ ਨੂੰ ਕੱਲ੍ਹ ਸਵੇਰੇ ਸਵਾ 5 ਵਜੇ ਅੰਜਾਮ ਦਿੱਤਾ ਗਿਆ। ਇਸ ਮੌਕੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਗੁਰਦੀਪ ਸਿੰਘ ਕਾਲਾਝਾੜ, ਨਿਰਮਲ ਸਿੰਘ ਭੜ੍ਹੋ, ਸੁਖਵਿੰਦਰ ਸਿੰਘ ਬਲਿਆਲ, ਗੁਰਨੈਬ ਸਿੰਘ ਰਾਮਪੁਰਾ, ਅਵਤਾਰ ਸਿੰਘ ਬਲਿਆਲ ਅਤੇ ਸਰਪੰਚ ਦੇ ਪਤੀ ਅਮਨਦੀਪ ਸਿੰਘ ਕਾਲਾ ਨੰਬਰਦਾਰ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਸਬੰਧੀ ਡੂੰਘਾਈ ਵਿੱਚ ਪੜਤਾਲ ਕਰਨ ਦੀ ਜ਼ਰੂਰਤ ਹੈ। ਐੱਸਪੀ ਸੰਗਰੂਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਪਿੰਡ ਦੀ 12 ਸਾਲ ਦੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਹੋਰ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਐਸਪੀ ਹਰਿੰਦਰ ਸਿੰਘ, ਡੀਐੱਸਪੀ ਗੋਬਿੰਦਰ ਸਿੰਘ ਅਤੇ ਐੱਸਐੱਚਓ ਰਮਨਦੀਪ ਸਿੰਘ ਸਮੇਤ ਭਾਰੀ ਪੁਲੀਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ।