ਜਸਵੰਤ ਜੱਸ
ਫ਼ਰੀਦਕੋਟ, 10 ਨਵੰਬਰ
ਬੇਅਦਬੀ ਦੇ ਦੋਸ਼ਾਂ ਵਿੱਚ ਘਿਰੇ ਡੇਰਾ ਸਿਰਸਾ ਦੇ ਖਾਸ ਮੈਂਬਰ ਮਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ੍ਹ ਵਿੱਚ ਹੋਈ ਮੌਤ ਸਬੰਧੀ ਪੀੜਤ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਹਿੰਦਰਪਾਲ ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਨਾਭਾ ਜੇਲ੍ਹ ਵਿੱਚ ਇੱਕ ਵੱਡੀ ਸਾਜ਼ਿਸ਼ ਤਹਿਤ ਮਹਿੰਦਰ ਪਾਲ ਬਿੱਟੂ ਦਾ ਕਤਲ ਕੀਤਾ ਗਿਆ ਹੈ ਪਰ ਪੁਲੀਸ ਨੇ ਇਸ ਮਾਮਲੇ ਦੀ ਅਧੂਰੀ ਪੜਤਾਲ ਕੀਤੀ ਹੈ ਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਨਹੀਂ ਲਿਆਂਦਾ। ਸੰਤੋਸ਼ ਕੁਮਾਰੀ ਨੇ ਆਪਣੀ 45 ਸਫ਼ਿਆਂ ਦੀ ਰਿੱਟ ਪਟੀਸ਼ਨ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ਬਣਾਉਂਦਿਆਂ ਦੋਸ਼ ਲਾਇਆ ਕਿ ਬੇਅਦਬੀ ਦੇ ਦੋਸ਼ਾਂ ਵਿੱਚ ਜੁਰਮ ਇਕਬਾਲ ਕਰਵਾਉਣ ਲਈ ਸਰਕਾਰ ਦੇ ਇਸ਼ਾਰੇ ’ਤੇ ਇੱਕ ਦਰਜਨ ਤੋਂ ਵੱਧ ਪੁਲੀਸ ਅਧਿਕਾਰੀਆਂ ਨੇ ਉਸ ਦੇ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਜੁਰਮ ਕਬੂਲ ਕਰਨ ਲਈ ਮਜਬੂਰ ਕੀਤਾ। ਸੰਤੋਸ਼ ਕੁਮਾਰੀ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਬਿੱਟੂ ਦੀ ਮੌਤ ਸਬੰਧੀ ਪੜਤਾਲ ਸੀਬੀਆਈ ਜਾਂ ਕਿਸੇ ਹੋਰ ਨਿਰਪੱਖ ਏਜੰਸੀ ਨੂੰ ਦਿੱਤੀ ਜਾਵੇ ਤਾਂ ਜੋ ਜੇਲ੍ਹ ਅੰਦਰ ਜੂਨ 2019 ਵਿੱਚ ਮਹਿੰਦਰ ਪਾਲ ਬਿੱਟੂ ਦੇ ਹੋਏ ਕਥਿਤ ਕਤਲ ਦੀ ਸਚਾਈ ਪਤਾ ਲੱਗ ਸਕੇ। ਪਟੀਸ਼ਨਕਰਤਾ ਦੇ ਵਕੀਲ ਆਰਕੇ ਹਾਂਡਾ ਨੇ ਕਿਹਾ ਕਿ ਮਹਿੰਦਰ ਪਾਲ ਬਿੱਟੂ ਦੇ ਕਤਲ ਸਬੰਧੀ ਪੁਲੀਸ ਨੇ ਪੜਤਾਲ ਕਰਨ ਮਗਰੋਂ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ, ਪਰ ਇਸ ਪੜਤਾਲ ਰਿਪੋਰਟ ਵਿੱਚ ਬਿੱਟੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਤੱਥ ਬਾਰੇ ਕੋਈ ਪੜਤਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਹੋ ਗਈ ਹੈ ਤੇ ਅਗਲੇ ਦੋ ਦਿਨਾਂ ਵਿੱਚ ਇਸ ਉੱਪਰ ਕਾਰਵਾਈ ਹੋਣ ਦੀ ਸੰਭਾਵਨਾ ਹੈ।