ਭਗਤਾ ਭਾਈ, (ਰਾਜਿੰਦਰ ਸਿੰਘ ਮਰਾਹੜ): ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਅੱਜ ਡੇਰੇ ਦੇ ਪਹਿਲੇ ਮੁਖੀ ਸ਼ਾਹ ਮਸਤਾਨਾ ਦੇ ਜਨਮ ਦਿਨ ਮੌਕੇ ਆਪਣੇ ਪੰਜਾਬ ਵਿਚਲੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਵੱਡਾ ਇਕੱਠ ਕਰਕੇ ਆਪਣੀ ਤਾਕਤ ਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਇਕੱਤਰਤਾ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਇਕੱਠ ਵਿੱਚ ਮਾਲਵੇ ਇਲਾਕੇ ਦੇ 8 ਜ਼ਿਲ੍ਹਿਆਂ ਦੇ ਡੇਰਾ ਪੈਰੋਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਡੇਰੇ ਦੀ 45 ਮੈਂਬਰੀ ਕਮੇਟੀ ਦੇ ਨੁਮਾਇੰਦੇ ਹਰਚਰਨ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਕਰਨੀ ਡੇਰੇ ਦਾ ਮੁੱਖ ਨਿਸ਼ਾਨਾ ਹੈ ਤੇ ਡੇਰੇ ਦੀ ਸੰਗਤ ਲਗਾਤਾਰ ਇਹ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡੇਰੇ ਦੀ ਸੰਗਤ ਦੀ ਏਕਤਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਤੇ ਇਸ ਏਕਤਾ ਨੂੰ ਤੋੜਣ ਦੇ ਸੁਫ਼ਨੇ ਲੈਣ ਵਾਲੇ ਆਪਣੇ ਮਕਸਦ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਇਸ ਮੌਕੇ ਇਕੱਤਰ ਪੈਰੋਕਾਰਾਂ ਨੇ ਆਪਸੀ ਏਕਤਾ ਵਿੱਚ ਰਹਿਣ ਦੀ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਸਮੇਂ ਸ਼ਾਹ ਮਸਤਾਨਾ ਦੇ 130ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ 130 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।