ਜਸਵੰਤ ਜੱਸ
ਫ਼ਰੀਦਕੋਟ, 4 ਮਈ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਉਸ ਦੇ ਪੱਤਰੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਰਾਹੀਂ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਨਿਕਾ ਲਾਂਬਾ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਜਾਂਚ ਟੀਮ ਡੇਰਾ ਮੁਖੀ ਨੂੰ ਅਦਾਲਤ ਸਾਹਮਣੇ ਲਿਆਉਣ ਲਈ ਪਿਛਲੇ ਇੱਕ ਸਾਲ ਤੋਂ ਚਾਰਾਜੋਈ ਕਰ ਰਹੀ ਸੀ, ਅਖੀਰ ਅੱਜ ਡੇਰਾ ਮੁਖੀ ਬੇਅਦਬੀ ਕਾਂਡ ਨਾਲ ਜੁੜੇ ਤਿੰਨੋਂ ਕੇਸਾਂ ਵਿੱਚ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋ ਗਏ। ਅਦਾਲਤ ਨੇ ਡੇਰਾ ਮੁਖੀ ਨੂੰ ਉਨ੍ਹਾਂ ਦੇ ਸੀਨੀਅਰ ਵਕੀਲ ਰਾਜੀਵ ਮੋਹਨ ਰਾਹੀਂ ਚਲਾਨ ਦੀਆਂ ਨਕਲਾਂ ਮੁਹੱਈਆ ਕਰਵਾਈਆਂ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 16 ਮਈ ’ਤੇ ਰੱਖੀ ਹੈ। ਡੇਰਾ ਮੁਖੀ ਦੇ ਵਕੀਲਾਂ ਨੇ ਅੱਜ ਤਿੰਨੋਂ ਮਾਮਲਿਆਂ ਵਿੱਚ ਜ਼ਮਾਨਤ ਅਰਜ਼ੀਆਂ ਲਾ ਕੇ ਡੇਰਾ ਮੁਖੀ ਨੂੰ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੇਣ ਦੀ ਮੰਗ ਕੀਤੀ। ਅਦਾਲਤ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਡੇਰਾ ਮੁਖੀ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੱਤਾ। ਜਦਕਿ ਦੂਸਰੇ ਦੋ ਮਾਮਲਿਆਂ ਵਿੱਚ ਜ਼ਮਾਨਤ ਸਬੰਧੀ ਫੈਸਲਾ 6 ਮਈ ਨੂੰ ਹੋਵੇਗਾ। ਅਦਾਲਤ ਨੇ ਡੇਰਾ ਮੁਖੀ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਅੱਜ ਡੇਰਾ ਮੁਖੀ ਦੀ ਪੇਸ਼ੀ ਸਮੇਂ ਉਸ ਦੇ ਕਰੀਬ 10 ਵਕੀਲ ਨਿਸ਼ਚਿਤ ਸਮੇਂ ‘ਤੇ ਅਦਾਲਤ ਵਿੱਚ ਹਾਜ਼ਰ ਸਨ ਪਰੰਤੂ ਵਿਸ਼ੇਸ਼ ਜਾਂਚ ਜਾਂ ਉਨ੍ਹਾਂ ਦਾ ਕੋਈ ਵੀ ਨੁਮਾਇੰਦਾ ਸੁਣਵਾਈ ਦੌਰਾਨ ਅਦਾਲਤ ਵਿੱਚ ਹਾਜ਼ਰ ਨਹੀਂ ਸੀ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਪੱਖ ਰੱਖਣ ਲਈ ਸਰਕਾਰੀ ਵਕੀਲ ਵੀ ਕਾਫ਼ੀ ਦੇਰੀ ਨਾਲ ਅਦਾਲਤ ਵਿੱਚ ਪੁੱਜੇ। ਡੇਰਾ ਮੁਖੀ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਹਾਜ਼ਰੀ ਲੁਆਉਂਦਿਆਂ ਪੂਰੀ ਨਿਮਰਤਾ ਦਿਖਾਈ ਅਤੇ ਜਿੰਨਾ ਚਿਰ ਸੁਣਵਾਈ ਚੱਲਦੀ ਰਹੀ ਡੇਰਾ ਮੁਖੀ ਹੱਥ ਜੋੜ ਕੇ, ਸਿਰ ਝੁਕਾ ਕੇ ਅਦਾਲਤ ਸਾਹਮਣੇ ਖੜ੍ਹਾ ਰਿਹਾ। ਸੁਣਵਾਈ ਦੌਰਾਨ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਸੱਤ ਹੋਰ ਡੇਰਾ ਪ੍ਰੇਮੀ ਵੀ ਅੱਜ ਅਦਾਲਤ ਵਿੱਚ ਹਾਜਰ ਸਨ।