ਅਵਤਾਰ ਸਿੰਘ ਧਾਲੀਵਾਲ/ਸ਼ਗਨ ਕਟਾਰੀਆ
ਭਾਈਰੂਪਾ/ਬਠਿੰਡਾ, 21 ਨਵੰਬਰ
ਇੱਥੋਂ ਨੇੜਲੇ ਭਗਤਾ ਭਾਈਕਾ ਵਿਚ ਸ਼ੁੱਕਰਵਾਰ ਨੂੰ ਹੋਏ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਖ਼ਿਲਾਫ਼ ਅੱਜ ਡੇਰਾ ਸਮਰਥਕਾਂ ਨੇ ਲਾਸ਼ ਨੂੰ ਡੇਰੇ ਦੀ ਹੀ ਇਕਾਈ ਰਾਜਗੜ੍ਹ-ਸਲਾਬਤਪੁਰਾ ਅੱਗੇ ਰੱਖ ਕੇ ਬਰਨਾਲਾ-ਬਾਜਾਖਾਨਾ ਸੜਕ ਨੂੰ ਜਾਮ ਕਰ ਦਿੱਤਾ। ਉਹ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਐੱਸਐੱਸਪੀ (ਬਠਿੰਡਾ) ਭੁਪਿੰਦਰ ਸਿੰਘ ਵਿਰਕ ਪੁਲੀਸ ਫੋਰਸ ਸਮੇਤ ਸਲਾਬਤਪੁਰਾ ਪੁੱਜੇ। ਅਣਸੁਖਾਵੀਂ ਘਟਨਾ ਰੋਕਣ ਲਈ ਡੇਰੇ ਨੇੜੇ ਵੱਡੀ ਗਿਣਤੀ ਪੁਲੀਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਮੌਕੇ ਡੇਰਾ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੋਹਰ ਲਾਲ ਦਾ ਕਤਲ ਕੋਈ ਪਹਿਲਾ ਕਤਲ ਨਹੀਂ ਹੈ, ਕਿਸੇ ਡੇਰਾ ਪ੍ਰੇਮੀ ਦਾ ਇਹ ਸੱਤਵਾਂ ਕਤਲ ਹੈ ਤੇ ਪ੍ਰਸ਼ਾਸਨ ਵੱਲੋਂ ਹਰ ਵਾਰ ਭਰੋਸਾ ਦਿੱਤਾ ਜਾਂਦਾ ਪਰ ਕਦੇ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਇਸ ਵਾਰਦਾਤ ਪਿੱਛੇ ਜਿਹੜੀਆਂ ਤਾਕਤਾਂ ਹਨ, ਉਨ੍ਹਾਂ ਬਾਰੇ ਦੱਸਿਆ ਜਾਵੇ। ਫੇਸਬੁੱਕ ਅਕਾਊਂਟ ’ਤੇ ਲਈ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਪਤਾ ਲਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਜੇਕਰ ਉਹ ਜਾਣਕਾਰੀ ਸਹੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਾਰ-ਵਾਰ ਏਜੰਸੀਆਂ ਅਤੇ ‘ਸਿੱਟਾਂ’ ਰਾਹੀਂ ਡੇਰਾ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਝੂਠੇ ਪ੍ਰਚਾਰ ਕਾਰਨ ਡੇਰਾ ਪ੍ਰੇਮੀਆਂ ਦੇ ਜਾਨ-ਮਾਲ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਮਾਮਲੇ ’ਚ ਸਿਰਫ਼ ‘ਡੰਗ-ਟਪਾਈ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਮਨੋਹਰ ਲਾਲ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਨੂੰ ਸੜਕ ਉਪਰ ਰੱਖ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਸ਼ਾਸਕੀ ਅਧਿਕਾਰੀਆਂ ਅਤੇ ਡੇਰਾ ਸਟੇਟ ਕਮੇਟੀ ਦੇ ਆਗੂਆਂ ਵਿਚਾਲੇ ਮੀਟਿੰਗ ਬੇਸਿੱਟਾ ਰਹੀ। ਅਧਿਕਾਰੀਆਂ ਵਲੋਂ ਮੁੜ ਗੱਲਬਾਤ ਕੀਤੀ ਜਾਵੇਗੀ।
ਫੇਸਬੁੱਕ ਪੋਸਟ ਰਾਹੀਂ ਗੈਂਗਸਟਰ ਗਰੁੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ
ਬਠਿੰਡਾ (ਸ਼ਗਨ ਕਟਾਰੀਆ): ਡੇਰਾ ਸ਼ਰਧਾਲੂ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਗਰੁੱਪ ਵੱਲੋਂ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਗਈ ਹੈ। ਇਸ ਲਈ ਉਨ੍ਹਾਂ ਬਰਗਾੜੀ ਤੇ ਭਗਤਾ ਭਾਈ ’ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਹਵਾਲਾ ਦਿੱਤਾ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਜੇ ਭਵਿੱਖ ਵਿੱਚ ਅਜਿਹਾ ਦੁਬਾਰਾ ਹੁੰਦਾ ਹੈ ਤਾਂ ਜ਼ਿੰਮੇਵਾਰ ਨਾਲ ਉਹ ਇਸੇ ਤਰ੍ਹਾਂ ਨਜਿੱਠਣਗੇ। ਜ਼ਿਕਰਯੋਗ ਹੈ ਕਿ ਮਨੋਹਰ ਲਾਲ ਅਰੋੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਦੋ ਹਮਲਾਵਰ ਦੁਕਾਨ ’ਚ ਆਏ ਸਨ। ਥਾਣਾ ਦਿਆਲਪੁਰਾ ਭਾਈ ਵਿੱਚ ਕੇਸ ਦਰਜ ਕੀਤਾ ਗਿਆ ਹੈ ਤੇ ਪੁਲੀਸ ਮਾਮਲੇ ਦੀ ਵੱਖ-ਵੱਖ ਨੁਕਤਿਆਂ ਤੋਂ ਜਾਂਚ ਕਰ ਰਹੀ ਹੈ।