ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਪਰੈਲ
‘ਆਪ’ ਵੱਲੋਂ ਕੁਝ ਦਿਨ ਪਹਿਲਾਂ ਐਲਾਨੀ ਗਈ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਦਾ ਡਿੱਪੂ ਹੋਲਡਰਾਂ ਨੇ ਵਿਰੋਧ ਕੀਤਾ ਹੈ। ਅੱਜ ਸਰਕਟ ਹਾਊਸ ’ਚ ਇਕੱਠੇ ਹੋਏ ਪੰਜਾਬ ਦੇ ਡਿੱਪੂ ਹੋਲਡਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਛੇ ਮਹੀਨਿਆਂ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਧਰਨਾ ਦੇਣਗੇ। ਪੰਜਾਬ ਡਿੱਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਛਿੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਰੋਜ਼ਾਨਾ ਨਵੇਂ ਐਲਾਨ ਕਰ ਰਹੀ ਹੈ ਪਰ ਉਹ ਪਾਲਿਸੀ ਤਿਆਰ ਕਰਨ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ। ਹਾਲੇ ਤੱਕ ਇਹ ਵੀ ਨਹੀਂ ਪਤਾ ਕਿ ਰਾਸ਼ਨ ਕੌਣ ਵੰਡੇਗਾ। ਉਨ੍ਹਾਂ ਕਿਹਾ ਕਿ ਜੇ ਡਿੱਪੂ ਹੋਲਡਰ ਰਾਸ਼ਨ ਵੰਡਣਗੇ ਤਾਂ ਉਨ੍ਹਾਂ ਨੂੰ ਬਣਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਹੂਲਤ ਦੇਵੇਗੀ ਤਾਂ ਕੰਮ ਕੀਤਾ ਜਾਵੇਗਾ, ਨਹੀਂ ਤਾਂ ਕੋਈ ਵੀ ਡਿੱਪੂ ਹੋਲਡਰ ਘਰ-ਘਰ ਜਾ ਕੇ ਰਾਸ਼ਨ ਵੰਡਣ ਦੀ ਯੋਜਨਾ ਨਹੀਂ ਅਪਣਾਏਗਾ।