ਜਸਵੰਤ ਜੱਸ/ਗੁਰਦੀਪ ਸਿੰਘ ਲਾਲੀ
ਫ਼ਰੀਦਕੋਟ/ਸੰਗਰੂਰ, 28 ਨਵੰਬਰ
ਡੇਰਾ ਸੱਚਾ ਸੌਦਾ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਅੱਜ ਸਾਦਿਕ ਦੇ ਨਾਮ ਚਰਚਾ ਘਰ ਵਿੱਚ ਵੱਡਾ ਧਾਰਮਿਕ ਇਕੱਠ ਕਰਕੇ ਡੇਰੇ ਦੇ ਸੰਸਥਾਪਕ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਮਨਾਇਆ। ਵਿਵਾਦਾਂ ਵਿੱਚ ਘਿਰਨ ਮਗਰੋਂ ਡੇਰਾ ਸੱਚਾ ਸੌਦਾ ਦੀ ਫ਼ਰੀਦਕੋਟ ਜ਼ਿਲ੍ਹੇ ਵਿੱਚ ਇਹ ਸਭ ਤੋਂ ਵੱਡੀ ਸਰਗਰਮੀ ਹੈ। ਡੇਰੇ ਦੇ ਪ੍ਰਬੰਧਕ ਬਸੰਤ ਸਿੰਘ ਨੇ ਕਿਹਾ ਕਿ ਇਹ ਸਮਾਗਮ ਪੂਰੀ ਤਰ੍ਹਾਂ ਧਾਰਮਿਕ ਸੀ ਅਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਇਲਾਕੇ ਭਰ ਵਿੱਚ ਸਮਾਜਿਕ ਸਰਗਰਮੀਆਂ ਕਰਨਗੇ ਅਤੇ ਅੱਜ ਵੀ ਉਨ੍ਹਾਂ ਨੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ ਹਨ। ਨਾਮ ਚਰਚਾ ਘਰ ਵਿੱਚ ਇਲਾਕੇ ਦੇ ਡੇਰਾ ਪ੍ਰੇਮੀਆਂ ਦੇ ਹੋਏ ਵੱਡੇ ਇਕੱਠ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਡੇਰਾ ਪ੍ਰੇਮੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਧਰਮ ਦਾ ਨਿਰਾਦਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਸਿਆਸੀ ਕਾਰਨਾਂ ਕਰਕੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਕੀਤਾ ਗਿਆ ਵੱਡਾ ਧਾਰਮਿਕ ਇਕੱਠ ਸਿਆਸੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਸਿੱਧੇ ਤੌਰ ’ਤੇ ਡੇਰਾ ਸੱਚਾ ਸੌਦਾ ਨਾਲ ਸੰਪਰਕ ਕਰਨ ਤੋਂ ਝਿਜਕ ਰਹੀ ਹੈ, ਜਦੋਂ ਕਿ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਪੰਜਾਬ ਦੇ ਬਾਕੀ ਸਾਰੇ ਡੇਰਿਆਂ ਦੇ ਕਈ ਵਾਰ ਚੱਕਰ ਲਾ ਚੁੱਕੇ ਹਨ।
ਇਸੇ ਦੌਰਾਨ ਨਾਮ ਚਰਚਾ ਘਰ ਵਿੱਚ ਅੱਜ ਭਾਵੇਂ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਨਾਲ ਸਬੰਧਤ ਡੇਰਾ ਪ੍ਰੇਮੀਆਂ ਨੇ ਡੇਰੇ ਦੇ ਗੱਦੀ ਨਸ਼ੀਨ ਸ਼ਾਹ ਮਸਤਾਨ ਦਾ ਜਨਮ ਦਿਨ ਮਨਾਇਆ, ਪਰ ਵੱਡਾ ਇਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਡੇਰਾ ਪ੍ਰੇਮੀਆਂ ਦੇ ਵੱਡੇ ਇਕੱਠ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਸ਼ਮੂਲੀਅਤ ਕਰ ਕੇ ਡੇਰੇ ਵੱਲੋਂ ਸਮਾਜ ਭਲਾਈ ਦੇ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ। ਅੱਜ ਦੇ ਇਕੱਠ ਤੋਂ ਬਾਗੋਬਾਗ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਨੇ ਅਸਿੱਧੇ ਰੂਪ ਵਿਚ ਇਸ ਨੂੰ ਸ਼ਕਤੀ ਪ੍ਰਦਰਸ਼ਨ ਹੀ ਮੰਨਿਆ ਹੈ।
ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੇ ਮੈਂਬਰ ਰਾਮਕਰਨ ਇੰਸਾਂ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਹੁਣ ਡੇਰਾ ਸਿਰਸਾ ਵਿਚ ਕੋਈ ਨਹੀਂ ਜਾਂਦਾ, ਹਜ਼ਾਰਾਂ ਡੇਰਾ ਪ੍ਰੇਮੀਆਂ ਦਾ ਇਕੱਠ ਉਨ੍ਹਾਂ ਲੋਕਾਂ ਲਈ ਜਵਾਬ ਹੈ। ਡੇਰਾ ਸਿਰਸਾ ਦੇ ਮੈਂਬਰ ਹਰਿੰਦਰ ਇੰਸਾਂ ਮੰਗਵਾਲ ਨੇ ਕਿਹਾ ਕਿ ਸ਼ਾਹ ਮਸਤਾਨ ਦੇ ਜਨਮ ਦਿਨ ਸਬੰਧੀ ਸਮਾਗਮ ਵਿੱਚ ਜ਼ਿਲ੍ਹਾ ਸੰਗਰੂਰ ਤੇ ਮਲੇਰਕੋਟਲਾ ਦੇ 21 ਬਲਾਕਾਂ ਦੀ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡੇਰਾ ਪ੍ਰੇਮੀਆਂ ਦੇ ਵੱਡੇ ਇਕੱਠ ਨੇ ਹੱਥ ਖੜ੍ਹੇ ਕਰ ਕੇ ਜਿਥੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਉਥੇ ਹੀ ਮਾਨਵਤਾ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਦਾ ਅਹਿਦ ਲਿਆ।