ਪਰਸ਼ੋਤਮ ਬੱਲੀ
ਬਰਨਾਲਾ, 9 ਅਕਤੂਬਰ
ਹਾਇਰ ਐਜੂਕੇਸ਼ਨ ਇੰਸਟੀਚਿਊਟ ਐਂਪਲਾਈਜ਼ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਉੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਪ੍ਰੋਫੈ਼ਸਰਾਂ ਤੇ ਨਾਨ ਟੀਚਿੰਗ ਸਟਾਫ਼ ਨੇ ਹਿੱਸਾ ਲਿਆ।
ਸੰਬੋਧਨ ਕਰਦਿਆਂ ਪ੍ਰੋ. ਹੇਮੰਤ ਵਾਟਸ ਨੇ ਦੱਸਿਆ ਕਿ ਸਰਕਾਰੀ ਕਾਲਜਾਂ ਵਿੱਚ 2006 ਤੋਂ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਨਾਮ ’ਤੇ ਵੱਖੋ-ਵੱਖਰੇ ਕੋਰਸ ਚਲਾਏ ਜਾਂਦੇ ਹਨ। ਉਸ ਵੇਲੇ ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਸੀ ਕਿ ਇਹ ਸੁਸਾਇਟੀਆਂ ‘ਪੰਜਾਬ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ’ ਅਧੀਨ ਕੰਮ ਕਰਨਗੀਆਂ, ਪਰ ਅੱਜ 16 ਸਾਲ ਬੀਤਣ ਮਗਰੋਂ ਵੀ ਨਾ ਤਾਂ ‘ਪੰਜਾਬ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ’ ਬਣਾਈ ਗਈ ਹੈ ਅਤੇ ਨਾ ਹੀ ਸੂਬਾ ਸਰਕਾਰ ਕਾਲਜਾਂ ਵਿੱਚ ਬਣੀਆਂ ਇਨ੍ਹਾਂ ਸੁਸਾਇਟੀਆਂ ਨੂੰ ਕੋਈ ਨਿਰਦੇਸ਼ ਦਿੰਦੀ ਹੈ। ਹਰੇਕ ਸੁਸਾਇਟੀ ਆਪਣੇ ਵੱਖਰੇ ਨਿਯਮਾਂ ’ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਬਾਕੀ ਸਾਰੇ ਪ੍ਰੋਫੈ਼ਸਰਾਂ ਨੂੰ 12 ਮਹੀਨੇ ਤਨਖ਼ਾਹ ਦਿੱਤੀ ਜਾਂਦੀ ਹੈ, ਜਦਕਿ ਐੱਚਈਆਈਐੱਸ ਅਧੀਨ ਰੱਖੇ ਪ੍ਰੋਫੈ਼ਸਰਾਂ ਨੂੰ ਰਿਲੀਵ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ 15 ਤੋਂ 25 ਹਜ਼ਾਰ ਰੁਪਏ ’ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਕੰਟਰੈਕਟ ’ਤੇ ਰੱਖੇ ਸਹਾਇਕ ਪ੍ਰੋਫੈ਼ਸਰਾਂ ਦੀ ਬੇਸਿਕ ਤਨਖਾਹ 57,700 ਰੁਪਏ ਪ੍ਰਤੀ ਮਹੀਨਾ ਹੈ। ਸੁਸਾਇਟੀ ਅਧੀਨ ਮਹਿਲਾ ਸਟਾਫ਼ ਨੂੰ ਜਣੇਪਾ ਛੁੱਟੀ ਵੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੁਸਾਇਟੀਆਂ ਦੀ ਸਾਲਾਨਾ ਆਮਦਨ ਲਗਪਗ 30 ਕਰੋੜ ਰੁਪਏ ਹੈ, ਜਦਕਿ ਤਨਖ਼ਾਹਾਂ ’ਤੇ ਸਿਰਫ਼ 5-6 ਕਰੋੜ ਰੁਪਏ ਹੀ ਖਰਚੇ ਜਾ ਰਹੇ ਹਨ।
ਪ੍ਰੋ. ਗਗਨਦੀਪ ਕੁਮਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਸੁਸਾਇਟੀਆਂ ਦਾ ਕੇਂਦਰੀਕਰਨ ਕਰਕੇ ਇੱਕ ਪੰਜਾਬ ਪੱਧਰ ਦੀ ਸੁਸਾਇਟੀ ਬਣਾਵੇ ਤੇ ਸਾਰੇ ਕਾਲਜਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਅਮਲੇ ਲਈ ਇੱਕ ਸਮਾਨ ਨਿਯਮ ਲਾਗੂ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ 20 ਅਕਤੂਬਰ ਨੂੰ ਉਕਤ ਮੁਲਾਜ਼ਮ ਆਗੂਆਂ ਦੀ ਦੀ ਪੈਨਲ ਮੀਟਿੰਗ ਤੈਅ ਕਰਵਾਉਣ ਮਗਰੋਂ ਇਹ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।