ਜਗਮੋਹਨ ਸਿੰਘ
ਘਨੌਲੀ, 3 ਜੁਲਾਈ
ਅੰਬੂਜਾ ਸੀਮਿੰਟ ਕੰਪਨੀ ਵੱਲੋਂ ਕੋਵਿਡ-19 ਮਹਾਮਾਰੀ ਦੀ ਆੜ ਹੇਠ ਮਜ਼ਦੂਰਾਂ ਦੇ ਕੀਤੇ ਜਾ ਰਹੇ ਆਰਥਿਕ ਸੋਸ਼ਣ ਵਿਰੁੱਧ ਪੂਰੇ ਭਾਰਤ ਵਿੱਚ ਅੰਬੂਜਾ ਫੈਕਟਰੀਆਂ ਦੇ ਮਜ਼ਦੂਰਾਂ ਨੇ ਅੱਜ ਕੰਪਨੀ ਵਿਰੁੱਧ ਦੋ ਘੰਟਿਆਂ ਦੀ ਹੜਤਾਲ ਕਰਕੇ ਕੰਪਨੀ ਪ੍ਰਬੰਧਕਾਂ ਵਿਰੁੱਧ ਡਟ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੇਨ ਗੇਟ ਅੱਗੇ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਅੰਬੂਜਾ ਸੀਮਿੰਟ ਵਰਕਰ ਯੂਨੀਅਨ ਦੇ ਪ੍ਰਧਾਨ ਬ੍ਰਿਜ ਮੋਹਨ ਸਿੰਘ, ਜਨਰਲ ਸਕੱਤਰ ਪਾਚੂ ਰਾਮ, ਡਿਪਟੀ ਜਨਰਲ ਸਕੱਤਰ ਦੁਰਗੇਸ਼ ਕੁਮਾਰ, ਅਮਨਦੀਪ ਸਿੰਘ ਲਾਲੀ, ਪੀ.ਐਸ.ਈ.ਬੀ. ਐਂਪਲਾਈਜ਼ ਫੈਡਰੇਸ਼ਨ ਏਟਕ ਥਰਮਲ ਯੁਨਿਟ ਰੂਪਨਗਰ ਦੇ ਸਕੱਤਰ ਧਰਿੰਦਰ ਪਾਂਡੇ, ਆਰ.ਟੀ.ਪੀ. ਕੰਟਰੈਕਟਰ ਵਰਕਰ ਯੂਨੀਅਨ ਦੇ ਸਕੱਤਰ ਬੀਰਪਾਲ ਸਿੰਘ ਤੇ ਕਾਂਸ਼ੀ ਨਾਥ ਨੇ ਦੋਸ਼ ਲਗਾਇਆ ਕਿ ਕੋਵਿਡ-19 ਮਹਾਮਾਰੀ ਕਾਰਨ ਅੰਬੂਜਾ ਮਜ਼ਦੂਰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰ ਰਹੇ ਹਨ, ਪਰ ਕੰਪਨੀ ਨੇ ਵਰਕਰਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਦਾ ਸੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੌਰਾਨ ਕੰਪਨੀ ਵੱਲੋਂ ਬਹੁਤ ਸਾਰੇ ਵਰਕਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਹੁਣ ਕੰਪਨੀ ਵੱਲੋਂ 10 ਤੋਂ 15 ਦਿਨ ਹੀ ਕੰਮ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਮਜ਼ਦੂਰਾਂ ਦੀਆਂ ਤਨਖਾਹਾਂ ਅੱਧੀਆਂ ਤੋਂ ਵੀ ਘੱਟ ਰਹਿ ਗਈਆਂ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ 29 ਜੂਨ ਨੂੰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ -ਕਮ -ਮੁੱਖ ਕਾਰਜਕਾਰੀ ਅਧਿਕਾਰੀ ਨੀਰਜ ਅਖੌਰੀ ਨਾਲ ਗੱਲਬਾਤ ਕਰਕੇ ਵਰਕਰਾਂ ਦੀਆਂ ਸਮੱਸਿਆਵਾਂ ਦੱਸੀਆਂ, ਪਰ ਇਨ੍ਹਾਂ ਨੂੰ ਹੱਲ ਕਰਨ ਸਬੰਧੀ ਅਧਿਕਾਰੀ ਵੱਲੋਂ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਗਈ, ਜਿਸ ਕਰਕੇ ਵਰਕਰਾਂ ਦੇ ਮਨਾਂ ਵਿੱਚ ਫੈਕਟਰੀ ਪ੍ਰਬੰਧਕਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੰਪਨੀ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦੇਣ ਲਈ ਅੰਬੂਜਾ ਸੀਮਿੰਟ ਵਰਕਰ ਯੂਨੀਅਨ ਤੋਂ ਇਲਾਵਾ ਏਟਕ ਤੇ ਸੀਟੂ ਵੱਲੋਂ ਸਾਂਝੇ ਤੌਰ ਤੇ ਦੋ ਘੰਟਿਆਂ ਦੀ ਅੰਸ਼ਿਕ ਹੜਤਾਲ ਕੀਤੀ ਗਈ ਹੈ, ਪਰ ਜੇਕਰ ਕੰਪਨੀ ਨੇ ਵਰਕਰਾਂ ਦੀਆਂ ਮੰਗਾਂ ਨੂੰ ਜਲਦੀ ਨਾ ਮੰਨਿਆ ਤਾਂ ਪੂਰੇ ਭਾਰਤ ਵਿੱਚ ਸਥਿਤ ਅੰਬੂਜਾ ਕੰਪਨੀ ਦੀਆਂ ਸਮੁੱਚੀਆਂ 15 ਫੈਕਟਰੀਆਂ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਪੂਰਾ ਉਤਪਾਦਨ ਠੱਪ ਕਰ ਦਿੱਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਕੰਪਨੀ ਪ੍ਰਬੰਧਕਾਂ ਦੀ ਹੋਵੇਗੀ। ਰੈਲੀ ਨੂੰ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।