ਬਲਵਿੰਦਰ ਰੈਤ
ਨੂਰਪੁਰ ਬੇਦੀ, 2 ਸਤੰਬਰ
ਇੱਥੋਂ ਨੇੜਲੇ ਪਿੰਡ ਮੋਠਾਪੁਰ ਵਿੱਚ ਅੱਜ ਨਵੇਂ ਰੱਖੇ ਜਾ ਰਹੇ ਸ਼ਰਾਬ ਦੇ ਖੋਖੇ ਨੂੰ ਔਰਤਾਂ ਨੇ ਇਕੱਤਰ ਹੋ ਕੇ ਚੋਅ ਵਿੱਚ ਸੁੱਟ ਦਿੱਤਾ। ਇਸ ਮੌਕੇ ਪਿੰਡ ਮੋਠਾਪੁਰ ਦੀਆਂ ਬੀਬੀਆਂ ਸਣੇ ਪਿੰਡ ਦੇ ਮੋਹਤਬਰਾਂ ਬਲਵਿੰਦਰ ਕੌਰ, ਸਰਪੰਚ ਗੁਰਮੀਤ ਸਿੰਘ, ਰਾਜਿੰਦਰ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਆਦਿ ਨੇ ਕਿਹਾ ਕਿ ਉਕਤ ਮਾਰਗ ’ਤੇ ਉਨ੍ਹਾਂ ਦੇ ਸਾਰੇ ਪਿੰਡ ਦੀ ਜ਼ਮੀਨ ਲੱਗਦੀ ਹੈ ਅਤੇ ਅਕਸਰ ਹੀ ਔਰਤਾਂ ਨੂੰ ਆਪਣੇ ਖੇਤਾਂ ਵਿੱਚੋਂ ਘਾਹ ਲੈਣ ਲਈ ਜਾਣਾ ਪੈਂਦਾ ਹੈ। ਇਸ ਮਾਰਗ ਤੋਂ ਹੀ ਵਿਦਿਆਰਥੀ ਪੜ੍ਹਨ ਲਈ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਕਤ ਖੋਖਾ ਰੱਖਣ ਤੋਂ ਪਹਿਲਾਂ ਉਹ ਸਬੰਧਤ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੂੰ ਉਕਤ ਠੇਕੇ ਨੂੰ ਇਸ ਸਥਾਨ ਤੋਂ ਹਟਾਉਣ ਲਈ ਅਪੀਲ ਕਰ ਚੁੱਕੇ ਹਨ ਪਰ ਖੋਖਾ ਨਹੀਂ ਚੁੱਕਿਆ ਗਿਆ। ਪਿੰਡ ਵਾਸੀਆਂ ਨੇ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਠੇਕੇਦਾਰਾਂ ਦੇ ਵੱਲੋਂ ਉਕਤ ਠੇਕਾ ਖੋਲ੍ਹਣ ਲਈ ਖੋਖਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ। ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਗੁਰਿੰਦਰ ਸਿੰਘ ਨੇ ਕਿਹਾ ਕਿ ਵਿਰੋਧ ਕਾਰਨ ਫਿਲਹਾਲ ਇੱਥੇ ਸ਼ਰਾਬ ਦਾ ਖੋਖਾ ਰੱਖਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।