ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 3 ਅਕਤੂਬਰ
ਪਿੰਡ ਮਨਸੂਰਵਾਲ ਕਲਾਂ ਵਿਚ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਆਪਣੀਆਂ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਦਾ ਧਰਨਾ ਜਾਰੀ ਹੈ। ਉਨ੍ਹਾਂ ਫੈਕਟਰੀ ਦੇ ਹੱਕ ’ਚ ਰਿਪੋਰਟ ਆਉਣ ’ਤੇ ਅੱਜ ਰੋਸ ਜ਼ਾਹਰ ਕੀਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਜ਼ੀਰਾ ਨੇ ਦੱਸਿਆ ਕਿ ਮੋਰਚੇ ਦੇ ਆਗੂ ਸੰਦੀਪ ਸਿੰਘ ਰਟੌਲ ਰੋਹੀ, ਡਾ. ਹਰਿੰਦਰ ਸਿੰਘ ਸਾਧੂਵਾਲਾ, ਅਰਸ਼ਦੀਪ ਸਿੰਘ ਪੰਨੂ ਜ਼ੀਰਾ ਇਲਾਕੇ ਦੇ ਬੋਰਾਂ ਵਿੱਚੋਂ ਨਿਕਲੇ ਕਾਲੇ ਪਾਣੀ ਦੀਆਂ ਬੋਤਲਾਂ ਲੈ ਕੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਖਾਉਣ ਗਏ ਸਨ ਪਰ ਉਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੀ ਧਰਨਾਕਾਰੀਆਂ ਨੇ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਮੋਰਚੇ ਦੇ ਆਗੂਆਂ ਨੂੰ ਜਲਦ ਰਿਹਾਅ ਕਰੇ। ਇਸ ਸਮੇਂ ਸਰਬਸੰਮਤੀ ਨਾਲ ਮਤੇ ਪਾਏ ਗਏ ਜਿਨ੍ਹਾਂ ਵਿੱਚ 60 ਪਿੰਡਾਂ ਦੇ ਲੋਕਾਂ ਨੇ ਮਤਾ ਪਾਇਆ ਕਿ ਜ਼ੀਰਾ ਹਲਕੇ ਦੇ ਪੌਣ-ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀ ਫੈਕਟਰੀ ਬੰਦ ਕੀਤੀ ਜਾਵੇ, ਨਾਜਾਇਜ਼ ਮਾਈਨਿੰਗ ਅਤੇ ਜ਼ਹਿਰੀਲੀ ਸੁਆਹ ਸੁੱਟਣ ’ਤੇ ਫੈਕਟਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕੈਂਸਰ ਕਾਰਨ ਮਰਨ ਵਾਲੇ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਫੈਕਟਰੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਮੁਆਵਜ਼ਾ ਦੇਵੇ। ਪਿੰਡ ਵਾਸੀਆਂ ਨੇ ਅੱਜ ਦੇ ਇਕੱਠ ਵਿੱਚ ਸੁਰਜੀਤ ਸਿੰਘ ਫੂਲ, ਗੁਰਨਾਮ ਸਿੰਘ ਚੜੂਨੀ, ਕ੍ਰਾਂਤੀਕਾਰੀ ਯੂਨੀਅਨ ਦੀ ਇਸਤਰੀ ਆਗੂ ਸੁਖਵਿੰਦਰ ਕੌਰ ਬਠਿੰਡਾ, ਭਾਈ ਅੰਮ੍ਰਿਤਪਾਲ ਸਿੰਘ, ਸੋਨੀਆ ਮਾਨ, ਅਮਿਤੋਜ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਜੀਤ ਕੌਰ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਫੈਕਟਰੀ ਨੇੜਲੇ ਪਿੰਡਾਂ ਦੇ ਬੋਰਾਂ ਵਿੱਚੋਂ ਗੰਦਾ ਪਾਣੀ ਨਿਕਲਣ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨਜੀਟੀ ਨੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੇ ਕੇ ਕਾਰਪੋਰੇਟ ਘਰਾਣਿਆਂ ਦਾ ਸਾਥ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਦਸ ਦਿਨ ਵਿੱਚ ਆ ਜਾਣੀ ਚਾਹੀਦੀ ਸੀ ਜੋ 40 ਦਿਨ ਬਾਅਦ ਜਨਤਕ ਕੀਤੀ ਗਈ ਹੈ। ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਇਲਾਕੇ ਦੇ ਪੌਣ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ।
ਪੰਜਾਬ ਸਿਵਲ ਸਕੱਤਰੇਤ ਤੋਂ ਹਿਰਾਸਤ ਵਿਚ ਲਏ ਆਗੂ ਰਿਹਾਅ
ਚੰਡੀਗੜ੍ਹ (ਟਨਸ): ਹਲਕਾ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਕਰਕੇ ਗੰਧਲੇ ਹੋ ਰਹੇ ਪਾਣੀ ਦੀਆਂ ਬੋਤਲਾਂ ਲੈ ਕੇ ਚੰਡੀਗੜ੍ਹ ਪੁੱਜੇ ਤਿੰਨ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿਚ ਲੈਣ ਮਗਰੋਂ ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਪੰਜਾਬ ਸਕੱਤਰੇਤ ਕੋਲੋਂ ਹਿਰਾਸਤ ਵਿੱਚ ਲਿਆ ਸੀ। ਇਹ ਤਿੰਨੋਂ ਨੌਜਵਾਨ ਸਫ਼ੈਦ ਕੱਪੜੇ ਪਾ ਕੇ ਭਗਤ ਸਿੰਘ ਵਾਂਗ ਪੱਗ ਸਜਾ ਕੇ ਇਥੇ ਪੁੱਜੇ ਸਨ। ਇਨ੍ਹਾਂ ਨੇ ਗੰਦੇ ਪਾਣੀ ਦੀਆਂ ਬੋਤਲਾਂ ਹੱਥ ਵਿੱਚ ਫ਼ੜ ਕੇ ਸ਼ਾਂਤਮਈ ਰੋਸ ਜਤਾਇਆ ਸੀ। ਉਨ੍ਹਾਂ ਮੰਗ ਕੀਤੀ ਕਿ ਜ਼ੀਰਾ ਵਿੱਚੋਂ ਸ਼ਰਾਬ ਤੇ ਕੈਮੀਕਲ ਫੈਕਟਰੀ ਨੂੰ ਬੰਦ ਕੀਤਾ ਜਾਵੇ।