ਰਵੇਲ ਸਿੰਘ ਭਿੰਡਰ
ਪਟਿਆਲਾ, 16 ਜੂਨ
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ ਇੰਟਕ, ਐਂਪਲਾਈਜ਼ ਫੈਡਰੇਸ਼ਨ, ਕਰਮਚਾਰੀ ਦਲ, ਥਰਮਲ ਐਂਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈੱਡ ਆਫਿਸ ਐਂਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਵੱਲੋਂ ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਅੱਜ ਹੈੱਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ’ਤੇ ਕੋਵਿਡ-19 ਤੋਂ ਬਚਾਅ ਲਈ ਜਾਰੀ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਸਕ ਲਗਾ ਕੇ ਸਮਾਜਿਕ ਦੂਰੀ ਰੱਖਦਿਆਂ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
ਪਾਵਰ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਉਸ ਦੀਆਂ ਟਾਲ ਮਟੌਲ ਦੀਆਂ ਨੀਤੀਆਂ ਕਰਕੇ ਸਵੇਰੇ 8:30 ਵਜੇ ਤੋਂ 11 ਵਜੇ ਤੱਕ ਵਿਖਾਵਾ ਕੀਤਾ ਗਿਆ, ਜਿਸ ਕਾਰਨ ਹੈੱਡ ਆਫਿਸ ਦਾ ਕੰਮ ਠੱਪ ਰਿਹਾ। ਰੋਸ ਧਰਨੇ ਨੂੰ ਜੁਆਇੰਟ ਫੋਰਮ ਦੇ ਆਗੂਆਂ ਕਰਮ ਚੰਦ ਭਾਰਦਵਾਜ, ਜਗਰੂਪ ਸਿੰਘ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਦੁਮਨਾ, ਕੌਰ ਸਿੰਘ, ਅਵਤਾਰ ਸਿੰਘ ਕੈਂਥ, ਰਾਮ ਲੁਭਾਇਆ, ਪ੍ਰੀਤਮ ਸਿੰਘ ਨੇ ਸੰਬੋਧਨ ਕਰਦਿਆਂ ਆਪਣੀਆਂ ਮੰਗਾਂ ਰੱਖੀਆਂ। ਸਾਥੀ ਕਰਮਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੁਆਇੰਟ ਫੋਰਮ ਵੱਲੋਂ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਚੇਅਰਮੈਨ ਅਤੇ ਡਾਇਰੈਕਟਰਜ਼ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਬਿਜਲੀ ਕਾਮੇ ਡਿਊਟੀ ਨਿਭਾਉਣਗੇ। ਜੁਲਾਈ ਦੇ ਦੂਜੇ ਹਫਤੇ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ।