ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜੁਲਾਈ
ਤੇਲਗੂ ਸ਼ਾਇਰ, ਲੇਖਕ ਅਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸਥਾਨਕ ਇਕਾਈ ਨੇ ਵਿਰਸਾ ਵਿਹਾਰ ਕੇਂਦਰ ’ਚ ਮੋਮਬੱਤੀਆਂ ਜਗਾ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ। ਵਰਵਰਾ ਰਾਓ ਨੂੰ ਸਰਕਾਰ ਨੇ ਵੱਖ ਵੱਖ ਧਾਰਾਵਾਂ ਹੇਠ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਉਹ ਲਗਪਗ 80 ਸਾਲ ਦੇ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਪੀੜਤ ਹਨ। ਲੇਖਕ ਸੰਘ ਦੇ ਮੀਤ ਪ੍ਰਧਾਨ ਰਮੇਸ਼ ਯਾਦਵ ਨੇ ਆਖਿਆ ਕਿ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਮਨੁੱਖੀ ਹਮਦਰਦੀ ਵਜੋਂ ਸ੍ਰੀ ਰਾਓ ਨੂੰ ਰਿਹਾਅ ਕੀਤਾ ਜਾਵੇ ਪਰ ਸਰਕਾਰ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਕੇ ਉਨ੍ਹਾਂ ਦੀ ਸਿਹਤ ਅਤੇ ਜਿਊਣ ਦੇ ਅਧਿਕਾਰ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕਈ ਜਥੇਬੰਦੀਆਂ ਉਨ੍ਹਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸ੍ਰੀ ਰਾਓ ਵਾਂਗ ਗ੍ਰਿਫ਼ਤਾਰ ਕੀਤੇ ਹੋਰ ਬੁੱਧੀਜੀਵੀ ਅਤੇ ਲੇਖਕ ਵੀ ਜੇਲ੍ਹਾਂ ’ਚੋਂ ਰਿਹਾਅ ਕੀਤੇ ਜਾਣ।
ਇਸ ਰੋਸ ਪ੍ਰਦਰਸ਼ਨ ਵਿੱਚ ਸ੍ਰੀ ਯਾਦਵ ਤੋਂ ਇਲਾਵਾ ਭੁਪਿੰਦਰ ਸਿੰਘ ਸੰਧੂ, ਗੁਰਬਾਜ਼ ਸਿੰਘ ਛੀਨਾ, ਡਾ. ਹੀਰਾ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਧਰਵਿੰਦਰ ਸਿੰਘ ਔਲਖ, ਅੱਖਰ ਸਾਹਿਤ ਅਕਾਦਮੀ ਦੇ ਡਾ. ਵਿਕਰਮਜੀਤ, ਇੰਦਰੇਸ਼, ਯਸ਼ਪਾਲ ਝਬਾਲ, ਲੋਕ ਮੋਰਚਾ ਤੋਂ ਗੁਰਬਚਨ ਸਿੰਘ, ਟਰੇਡ ਯੂਨੀਅਨ ਤੋਂ ਜੋਗਿੰਦਰ ਲਾਲ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਹਰੀਸ਼ ਕੈਲਾ, ਬਲਬੀਰ ਮੂਧਲ, ਫੋਕਲੋਰ ਰਿਸਰਚ ਅਕੈਡਮੀ ਵੱਲੋਂ ਕਰਮਜੀਤ ਕੌਰ ਜੱਸਲ, ਪ੍ਰਿੰਸੀਪਲ ਗੁਰਚਰਨ ਸਿੰਘ, ਕਵੀ ਹਰੀ ਸਿੰਘ ਗਰੀਬ ਆਦਿ ਸ਼ਾਮਲ ਸਨ। ਕਰੋਨਾ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਨੇ ਸਮਾਜਿਕ ਦੂਰੀ ਕਾਇਮ ਰੱਖਦਿਆਂ ਰੋਸ ਪ੍ਰਦਰਸ਼ਨ ਕੀਤਾ।