ਕੇ ਪੀ ਸਿੰਘ
ਗੁਰਦਾਸਪੁਰ, 22 ਸਤੰਬਰ
ਪਿੰਡ ਵਜ਼ੀਰਪੁਰ ਦੇ ਰਹਿਣ ਵਾਲੇ ਫ਼ੌਜ ਦੇ ਜਵਾਨ ਅਮਰਪਾਲ ਸਿੰਘ (23) ਦੀ ਬੀਤੇ ਦਿਨੀਂ ਡਿਊਟੀ ਦੌਰਾਨ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਮਗਰੋਂ ਪਰਿਵਾਰ ਨੇ ਦੋਸ਼ ਲਾਇਆ ਕਿ ਭਾਰਤੀ ਫ਼ੌਜ ਦੇ ਜਵਾਨ ਉਨ੍ਹਾਂ ਦੇ ਪੁੱਤਰ ਦੀ ਦੇਹ ਲਿਫ਼ਾਫ਼ੇ ਵਿੱਚ ਲਪੇਟ ਕੇ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਾਰ ਕੇ ਚਲੇ ਗਏ, ਜਿਸ ਨਾਲ ਉਸ ਦੀ ਲਾਸ਼ ਦੀ ਬੇਕਦਰੀ ਹੋਈ ਹੈ। ਇਸ ਸਬੰਧੀ ਪਰਿਵਾਰ ਨੇ ਅਮਰਪਾਲ ਸਿੰਘ ਦੀ ਲਾਸ਼ ਡੀਸੀ ਦਫ਼ਤਰ ਅੱਗੇ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਦੀ ਜਾਂਚ ਕਰਵਾ ਕੇ ਉਨ੍ਹਾਂ ਦੇ ਬੇਟੇ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਮੰਗ ਕੀਤੀ।
ਬਾਅਦ ਦੁਪਹਿਰ ਡੀਸੀ ਮੁਹੰਮਦ ਇਸ਼ਫਾਕ ਵੱਲੋਂ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦੇਣ ’ਤੇ ਉਨ੍ਹਾਂ ਧਰਨਾ ਚੁੱਕ ਲਿਆ। ਇਸ ਮਗਰੋਂ ਸ਼ਾਮ ਨੂੰ ਡਿਪਟੀ ਕਮਿਸ਼ਨਰ ਪਿੰਡ ਵਜ਼ੀਰਪੁਰ ਵਿੱਚ ਅਮਰਪਾਲ ਸਿੰਘ ਦੇ ਸਸਕਾਰ ਵਿੱਚ ਸ਼ਾਮਲ ਹੋਏ ਅਤੇ ਸ਼ਰਧਾਂਜਲੀ ਭੇਟ ਕੀਤੀ। ਅਮਰਪਾਲ ਸਿੰਘ ਦੇ ਪਿਤਾ ਦਲੀਪ ਸਿੰਘ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਦਾ ਲੜਕਾ ਫ਼ੌਜ ’ਚ ਭਰਤੀ ਹੋਇਆ ਸੀ। ਇਸ ਸਮੇਂ ਉਸ ਦੀ ਡਿਊਟੀ ਜੀਐੱਨਆਰ ਵਜੋਂ 62 ਐੱਮਈਡੀ ਰੇਜੀਮੈਂਟ ਅਸਾਮ ਵਿੱਚ ਸੀ। 20 ਸਤੰਬਰ ਨੂੰ ਉਨ੍ਹਾਂ ਨੂੰ ਲੜਕੇ ਦੀ ਮੌਤ ਬਾਰੇ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਲਪੇਟੀ ਉਨ੍ਹਾਂ ਦੇ ਪੁੱਤਰ ਦੀ ਲਾਸ਼ ਫਿਰਨੀ ’ਤੇ ਰੱਖ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਫ਼ੌਜ ਦੇ ਅਧਿਕਾਰੀਆਂ ਅਨੁਸਾਰ 20 ਸਤੰਬਰ ਨੂੰ ਸਵੇਰੇ ਪੰਜ ਵਜੇ ਅਮਰਪਾਲ ਸਿੰਘ ਨੇ ਡਿਊਟੀ ਸਮੇਂ ਆਪਣੀ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਵਿੱਚ ਨਹੀਂ ਸੀ, ਜੇ ਉਸ ਨੇ ਖ਼ੁਦਕੁਸ਼ੀ ਕੀਤੀ ਹੈ ਤਾਂ ਜ਼ਰੂਰ ਡਿਊਟੀ ਦੀ ਕੋਈ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਮੌਤ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
‘ਆਤਮਹੱਤਿਆ ਕਰਨ ਵਾਲੇ ਕਿਸੇ ਫ਼ੌਜੀ ਨੂੰ ਨਹੀਂ ਦਿੱਤਾ ਜਾਂਦਾ ਸੈਨਿਕ ਸਨਮਾਨ’
ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਵਿੱਚ ਆਤਮਹੱਤਿਆ ਕਰਨ ਵਾਲੇ ਕਿਸੇ ਫ਼ੌਜੀ ਨੂੰ ਸੈਨਿਕ ਸਨਮਾਨ ਨਹੀਂ ਦਿੱਤਾ ਜਾਂਦਾ। ਸਿਰਫ਼ ਉਸ ਦੀ ਦੇਹ ਹੀ ਸਨਮਾਨ ਨਾਲ ਘਰ ਤੱਕ ਪਹੁੰਚਾਈ ਜਾਂਦੀ ਹੈ। ਨਾ ਤਾਂ ਉਸ ਦੀ ਲਾਸ਼ ਨੂੰ ਤਿਰੰਗੇ ਨਾਲ ਲਪੇਟਿਆ ਜਾਂਦਾ ਹੈ ਅਤੇ ਨਾ ਹੀ ਸਸਕਾਰ ਸਮੇਂ ਸਲਾਮੀ ਦਿੱਤੀ ਜਾਂਦੀ ਹੈ।