ਯਸ਼ ਚਟਾਨੀ
ਬਾਘਾਪੁਰਾਣਾ, 22 ਜੂਨ
ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਸੇਵਕਾਂ ਦੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ ਸਫ਼ਾਈ ਸੇਵਕ ਯੂਨੀਅਨ ਵੱਲੋਂ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਨਗਰ ਕੌਂਸਲ ਬਾਘਾਪੁਰਾਣਾ ਦੇ ਈਓ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਵੀ ਨਗਰ ਕੌਂਸਲ ਬਾਘਾਪੁਰਾਣਾ ਦੇ ਸਫ਼ਾਈ ਕਰਮਚਾਰੀਆਂ ਨੇ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਜ਼ਿਲ੍ਹਾ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਜ਼ਿਲ੍ਹੇ ਅਧੀਨ ਆਉਂਦੀਆਂ ਨਗਰ ਕੌਂਸਲਾਂ ਦੇ ਸਫ਼ਾਈ ਕਰਮਚਾਰੀਆਂ ਨੇ ਸਫ਼ਾਈ ਸੇਵਕ ਯੂਨੀਅਨ ਬਾਘਾਪੁਰਾਣਾ ਦੇ ਹੱਕ ਵਿੱਚ ਨਗਰ ਕੌਂਸਲ ਬਾਘਾਪੁਰਾਣਾ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਰੋਸ ਮੁਜ਼ਾਹਰੇ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਨਾ ਤਾਂ ਸਥਾਨਕ ਸ਼ਹਿਰ ਦਾ ਕਾਰਜਸਾਧਕ ਅਫ਼ਸਰ ਅਤੇ ਨਾ ਹੀ ਵਿਧਾਇਕ ਗੰਭੀਰ ਹੈ, ਜਿਸ ਕਰ ਕੇ ਉਨ੍ਹਾਂ ਨੂੰ ਅੱਜ ਫਿਰ ਰੋਸ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਉਹ ਕੋਈ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਤਨਖਾਹ ਸਮੇਂ ਸਿਰ ਦਿੱਤੀ ਜਾਵੇ, ਪੇਅ ਕਮਿਸ਼ਨ ਦਾ ਬਕਾਇਆ ਦਿੱਤਾ ਜਾਵੇ, ਘਰ-ਘਰ ਮੁਲਾਜ਼ਮਾਂ ਨੂੰ ਕਮੇਟੀ ਅਧੀਨ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਫ਼ਾਈ ਸੇਵਕਾਂ ਤੋਂ ਇਲਾਵਾ ਤੂੜੀ ਛਿਲਕਾ ਯੂਨੀਅਨ, ਰਿਕਸ਼ਾ ਯੂਨੀਅਨ, ਟੀਐੱਸਯੂ ਯੂਨੀਅਨ, ਆਟੋ ਰਿਕਸ਼ਾ ਯੂਨੀਅਨ, ਰੇਹੜੀ ਫੜੀ ਯੂਨੀਅਨ ਨੇ ਵੀ ਹਿੱਸਾ ਲਿਆ।