ਰਵੇਲ ਸਿੰਘ ਭਿੰਡਰ
ਪਟਿਆਲਾ, 7 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਲੱਭਣ ਵਿਚ ਪੁਲੀਸ ਦੀ ਨਾਕਾਮੀ ਖ਼ਿਲਾਫ਼ ਇਥੇ ਜ਼ਿਲ੍ਹੇ ਪੁਲੀਸ ਮੁਖੀ ਦਫ਼ਤਰ ਅੱਗੇ ਧਰਨੇ ਦੀ ਅਗਵਾਈ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 18 ਅਗਸਤ ਤੱਕ ਸਰੂਪ ਨਾ ਲੱਭੇ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਸ੍ਰੀ ਬਾਦਲ ਨੇ ਆਖਿਆ ਕਿ ਉਹ ਇਸ ਗੰਭੀਰ ਮਾਮਲੇ ’ਤੇ ਕਦੇ ਸਿਆਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਸਮੇਂ ਲਿਆਂਦੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਲਾਪਤਾ ਹੋਣ ਤੋਂ ਬਾਅਦ 15 ਦਿਨ ਲੰਘਣ ’ਤੇ ਵੀ ਜਥੇਬੰਦੀਆਂ ਹਾਲੇ ਵੀ ਚੁੱਪ ਹਨ। ਜ਼ਿਲ੍ਹਾ ਪੁਲੀਸ ਆਪਣੀ ਡਿਊਟੀ ਕਰਨ ਵਿਚ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰੂਪ ਬਰਾਮਦ ਕਰਨ ਅਤੇ ਇਸ ਘਿਨਾਉਣੇ ਅਪਰਾਧ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਾਂਤਮਈ ਧਰਨੇ ਵਿਚ ਸਿਰਫ 51 ਵਿਅਕਤੀ ਹੀ ਭਾਗ ਲਿਆ ਕਰਨਗੇ। ਉਨ੍ਹਾਂ ਕਿਹਾ ਕਿ 18 ਅਗਸਤ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ।
ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਪੰਥ ਅਤੇ ਗੁਰੂ ਗ੍ਰੰਥ ਦੇ ਸਨਮਾਨ ਲਈ ਸੰਘਰਸ਼ ਕਰੇਗਾ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਇਹ ਘਟਨਾ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਵਾਪਰੀ ਹੈ ਅਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਡਾ. ਚਰਨਜੀਤ ਸਿੰਘ ਅਟਵਾਲ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ ਤੇ ਸੁਰਜੀਤ ਸਿੰਘ ਅਬਲੋਵਾਲ ਨੇ ਵੀ ਸੰਬੋਧਨ ਕੀਤਾ। ਧਰਨੇ ’ਚ ਸ਼ਰਨਜੀਤ ਸਿੰਘ ਢਿੱਲੋਂ, ਹਰਮੇਲ ਸਿੰਘ ਟੌਹੜਾ ਨੇ ਵੀ ਸ਼ਿਰਕਤ ਕੀਤੀ।