ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਸੀਪੀਆਈ(ਐੱਮਐੱਲ) ਲਬਿਰੇਸ਼ਨ ਪਾਰਟੀ ਵੱਲੋਂ ਅੱਜ ਪੂਰੇ ਪੰਜਾਬ ਅੰਦਰ ‘ਹਿਸਾਬ ਦਿਓ, ਜਵਾਬ ਦਿਓ’ ਦੇ ਨਾਅਰੇ ਹੇਠ ਵਿਧਾਇਕਾਂ ਅਤੇ ਮੰਤਰੀਆਂ ਦੇ ਦਫ਼ਤਰਾਂ ਅਤੇ ਘਰਾਂ ਅੱਗੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਣ ਲਈ ਦਿਨ-ਰਾਤ ਦੇ ਦੋ ਰੋਜ਼ਾ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਧਰਨੇ ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਹੁਸ਼ਿਆਰਪੁਰ, ਮਾਲੇਰਕੋਟਲਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਅੰਦਰ ਸ਼ੁਰੂ ਕੀਤੇ ਗਏ ਹਨ ਅਤੇ 8 ਜੂਨ ਨੂੰ ਲੋਕਾਂ ਦੇ ਵੱਡੇ ਇੱਕਠਾਂ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਨੂੰ ਸੁਆਲ-ਜੁਆਬ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਨੁਮਾਇੰਦੇ ਨੇ ਧਰਨਿਆਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦਾ ਪਿੰਡਾਂ ਵਿੱਚ ਆਉਣ ਸਮੇਂ ਘਿਰਾਓ ਕੀਤਾ ਜਾਵੇਗਾ। ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੂਬਾ ਸਕੱਤਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਲਬਿਰੇਸ਼ਨ ਦੀ ਅਗਵਾਈ ਹੇਠ ਅੱਜ ਪੂਰੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਅੰਦਰ ਧਰਨੇ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਧਰਨਿਆਂ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਤੋਂ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਅਤੇ ਵਿਧਾਨ ਸਭਾ ਵਿੱਚ ਉਠਾਏ ਗਏ ਲੋਕ ਪੱਖੀ ਮੁੱਦਿਆਂ ਬਾਰੇ ਸੁਆਲ ਪੁੱਛੇ ਜਾਣਗੇ। ਇਸ ਤੋਂ ਇਲਾਵਾ ਘਰ-ਘਰ ਨੌਕਰੀ ਦੇ ਵਾਅਦਿਆਂ ਵਰਗੇ ਅਹਿਮ ਮੁੱਦਿਆਂ ’ਤੇ ਜ਼ੁਬਾਨ ਬੰਦ ਰੱਖਣ ਬਾਰੇ ਵੀ ਪੁੱਛਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਲੋਕਾਂ ਦੀ ਸਮਾਜਸੇਵੀ ਮਦਦ ਕਰ ਰਹੇ ਹਨ ਪਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਫੇਲ੍ਹ ਸਾਬਤ ਹੋਈ ਸੂਬਾ ਸਰਕਾਰ ਲੋਕਾਂ ਨੂੰ ਮੁਫ਼ਤ ਦਵਾਈ ਦੇਣ ਦੀ ਥਾਂ ਕਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਵਿੱਚ ਵੇਚ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਮੌਕਾਪ੍ਰਸਤ ਆਗੂਆਂ ਤੋਂ ਕੋਈ ਮੰਗ ਕਰਨ ਥਾਂ ਉਨ੍ਹਾਂ ਨੂੰ ਘੇਰ ਕੇ ਪੰਜ ਸਾਲਾਂ ਦਾ ਹਿਸਾਬ-ਕਿਤਾਬ ਪੁੱਛਣ ਦਾ ਸਮਾਂ ਹੈ। ਧਰਨਿਆਂ ਨੂੰ ਲਬਿਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਹਰਵਿੰਦਰ ਸਿੰਘ ਸੇਮਾ, ਗੋਬਿੰਦ ਸਿੰਘ ਛਾਜਲੀ, ਮੱਖਣ ਸਿੰਘ ਰਾਮਗੜ੍ਹ, ਪਰਮਜੀਤ ਕੌਰ ਮੁੱਦਕੀ, ਕੁਲਵਿੰਦਰ ਕੌਰ ਦਸੂਹਾ, ਸਤਨਾਮ ਸਿੰਘ ਪੱਖੀ ਖੁਰਦ, ਸੁਖਦੇਵ ਸਿੰਘ ਭਾਗੋਕਾਵਾਂ, ਡਾ. ਗੁਰਚਰਨ ਸਿੰਘ ਵੜਿੰਗ ਰਾਏਕੋਟ, ਰਣਜੀਤ ਕੌਰ ਸਹਾਜਾਪੁਰ, ਤਾਇਬਾ ਬੇਗਮ ਮਾਲੇਰਕੋਟਲਾ ਅਤੇ ਮੰਗਲ ਸਿੰਘ ਨੇ ਸੰਬੋਧਨ ਕੀਤਾ।