ਸੰਜੀਵ ਬੱਬੀ
ਚਮਕੌਰ ਸਾਹਿਬ, 15 ਜੂਨ
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਵੱਲੋਂ ਚੇਅਰਮੈਨ ਦਲਵੀਰ ਸਿੰਘ ਤੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਆਰਜੀ ਲੇਬਰ ਚੌਕ ਵਿੱਚ ਮਜ਼ਦੂਰਾਂ ਲਈ ਸ਼ੈੱਡ ਬਣਾਉਣ ਸਬੰਧੀ ਨਗਰ ਪੰਚਾਇਤ ਖ਼ਿਲਾਫ਼ ਰੋਸ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਮੁੱਖ ਸਲਾਹਕਾਰ ਮਲਾਗਰ ਸਿੰਘ ਨੇ ਦੱਸਿਆ ਕਿ ਲੇਬਰ ਵੈੱਲਫੇਅਰ ਬੋਰਡ ਤੇ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੇ ਬੈਠਣ ਤੇ ਅਰਾਮ ਕਰਨ ਲਈ ਸ਼ੈੱਡ ਬਣਾਉਣ ਲਈ ਵਿਸ਼ੇਸ਼ ਫੰਡ ਰੱਖੇ ਜਾਂਦੇ ਹਨ, ਜਿਸ ਅਧੀਨ ਯੂਨੀਅਨ ਵੱਲੋਂ ਪਾਸ ਕੀਤੇ ਮਤਿਆਂ ਸਮੇਤ ਮੰਗ ਪੱਤਰ ਨਗਰ ਪੰਚਾਇਤ ਦੇ ਪ੍ਰਧਾਨ ਤੇ ਹਲਕੇ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਲੀਡਰਾਂ ਵੱਲੋਂ ਛੇਤੀ ਸ਼ੈੱਡ ਬਣਾਉਣ ਦੇ ਭਰੋਸੇ ਦਿੱਤੇ ਗਏ ਪਰ ਕਾਫੀ ਸਮਾਂ ਬੀਤ ਜਾਣ ’ਤੇ ਵੀ ਸ਼ੈੱਡ ਨਹੀਂ ਬਣਾਇਆ ਗਿਆ। ਜਿਸ ਕਾਰਨ ਯੂਨੀਅਨ ਵੱਲੋਂ ਨਗਰ ਪੰਚਾਇਤ ਖਿਲ਼ਾਫ਼ ਰੋਸ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੀ ਮਿਸਤਰੀ, ਮਜ਼ਦੂਰ, ਕਾਰਪੈਂਟਰ, ਪਲੰਬਰ ਸਮੇਤ ਹੋਰ ਦਿਹਾੜੀਦਾਰ ਆਰਜ਼ੀ ਲੇਬਰ ਚੌਕ ਵਿੱਚ ਦੁਕਾਨਾਂ ਅੱਗੇ ਬੈਠ ਕੇ ਸਮਾਂ ਬਤੀਤ ਕਰਦੇ ਹਨ। ਰੈਲੀ ਦੌਰਾਨ ਸਮੁੱਚੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਕਾਰਨ ਕੰਮ ਨਾ ਹੋਣ ’ਤੇ ਉਨ੍ਹਾਂ ਦੇ ਖਾਤਿਆਂ ਵਿੱਚ ਘੱਟੋ ਘੱਟ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪਾਈ ਜਾਵੇ। ਇਸ ਮੌਕੇ ਅਜਾਇਬ ਸਿੰਘ, ਜਗਮੀਤ ਸਿੰਘ, ਹਰਪ੍ਰੀਤ ਸਿੰਘ, ਰਮੇਸ਼ ਕੁਮਾਰ, ਬਹਾਦਰ ਸਿੰਘ, ਗੁਰਮੇਲ ਸਿੰਘ, ਰਣਧੀਰ ਸਿੰਘ ਅਤੇ ਗੁਲਾਬ ਚੌਹਾਨ ਆਦਿ ਹਾਜ਼ਰ ਸਨ।