ਸਰਬਜੀਤ ਸਿੰਘ ਭੰਗੂ/ ਗੁਰਦੀਪ ਸਿੰਘ ਲਾਲੀ
ਪਟਿਆਲਾ/ਸੰਗਰੂਰ, 11 ਜੂਨ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਨਿਕੰਮੇ ਦੱਸ ਕੇ ਨੌਕਰੀ ਤੋਂ ਛਾਂਟੀ ਕਰਨ ਦੀ ਤਜਵੀਜ਼ ਖ਼ਿਲਾਫ਼ ਪੰਜਾਬ ਸਟੇਟ ਸਰਵਿਸ ਫੈਡਰੇਸ਼ਨ ਵੱਲੋਂ ਅੱਜ ਇੱਥੇ ਸਿੰਜਾਈ ਵਿਭਾਗ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਸਰਕਾਰ ਦੇ ਅਜਿਹੇ ਫੈਸਲੇ ਖਿਲਾਫ਼ ਮਾਰਚ ਕੀਤਾ। ਇਸ ਧਰਨੇ ਨੂੰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ ਮੁਲਾਜ਼ਮ ਵਿਰੋਧੀ ਫ਼ੈਸਲੇ ਲੈਣੇ ਬੰਦ ਨਾ ਕੀਤੇ ਤਾਂ ਹੋਰ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਸੰਗਰੂਰ: ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਮੁਲਾਜ਼ਮਾਂ ਨੂੰ ਨਿਕੰਮੇ ਦੱਸ ਕੇ ਛਾਂਟੀ ਕਰਨ ਦਾ ‘‘ ਨਿਕੰਮਾ ਪੱਤਰ ਸਾੜਦਿਆਂ ’’ ਐਕਸੀਅਨ ਜਲ ਸਰੋਤ ਵਿਭਾਗ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਗਿਆ ਅਤੇ ਮੁਲਾਜ਼ਮ ਮਾਰੂ ਪੱਤਰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁੱਖ ਆਗੂਆਂ ਰਣਜੀਤ ਸਿੰਘ ਰਾਣਵਾਂ, ਕਾਮਰੇਡ ਸੁਖਦੇਵ ਸਰਮਾ (ਏਟਕ), ਮੇਲਾ ਸਿੰਘ ਪੁੰਨਾਂਵਾਲ ਅਤੇ ਸੀਤਾ ਰਾਮ ਸ਼ਰਮਾ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਵਾਧੂ ਬੋਝ ਸਮਝਦੀ ਪੰਜਾਬ ਸਰਕਾਰ ਵਿੱਤੀ ਸੰਕਟ ਬਹਾਨੇ ,ਤਨਖਾਹਾਂ ਦਾ ਬਿਲ ਘਟਾਉਣ ਲਈ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਰਾਜ ਭਰ ਵਿੱਚ ਮੰਤਰੀਆਂ ਦੀਆਂ ਕੋਠੀਆਂ ਵੱਲ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤੇ ਜਾਣਗੇ। ਇਸ ਮੌਕੇ ਮੁਹੰਮਦ ਖਲੀਲ, ਬਿੱਕਰ ਸਿੰਘ ਸਬਿੀਆ, ਜੀਵਨ ਸਿੰਘ, ਹੰਸ ਰਾਜ ਦੀਦਾਰਗੜ੍ਹ, ਰਮੇਸ ਕੁਮਾਰ, ਵਿਜੇ ਕੁਮਾਰ ਮੱਟੂ, ਦਰਬਾਰਾ ਸਿੰਘ, ਗੁਰਬਖਸ਼ ਸਿੰਘ, ਗੁਰਮੀਤ ਮਿੱਡਾ, ਕੇਵਲ ਗੁੱਜਰਾਂ, ਇੰਦਰ ਧੂਰੀ ਅਤੇ ਗੁਰਤੇਜ ਸ਼ਰਮਾ ਸ਼ਾਮਲ ਸਨ।