ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 27 ਸਤੰਬਰ
ਸ੍ਰੀ ਆਨੰਦਪੁਰ ਸਾਹਿਬ ਦੇ ਅਗੰਮਪੁਰ ਚੌਕ ਵਿੱਚ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਅੱਜ ਦੁਕਾਨਦਾਰਾਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਇਹ ਸੜਕ ਜਿੱਥੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ, ਉਥੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾਂ ਦੇਵੀ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਉਥੇ ਹੀ ਪ੍ਰਸ਼ਾਸਨ ਵੱਲੋਂ ਸੜਕ ਦੀ ਇਸ ਬਦਤਰ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਰੋਸ ਪ੍ਰਗਟ ਕਰਦਿਆਂ ਇਨ੍ਹਾਂ ਦੁਕਾਨਦਾਰਾਂ ਨੇ ਕਿਹਾ ਕਿ ਲਗਾਤਾਰ ਪਿਛਲੇ ਦੋ ਦਿਨ ਹੋਈ ਭਾਰੀ ਬਾਰਿਸ਼ ਦੇ ਨਾਲ ਜਿੱਥੇ ਸੜਕ ਦੇ ਉੱਪਰ ਚਿੱਕੜ ਹੋ ਗਿਆ, ਉੱਥੇ ਹੀ ਚੌਕ ਦੇ ਵਿੱਚ ਵੱਡੇ ਟੋਏ ਪੈਣ ਦੇ ਨਾਲ ਹਰ ਰੋਜ਼ ਦੋ ਪਹੀਆ ਵਾਹਨ ਚਾਲਕ ਇੱਥੇ ਡਿੱਗ ਰਹੇ ਹਨ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਮੂਹ ਦੁਕਾਨਦਾਰ ਇਕੱਠੇ ਹੋ ਕੇ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਗੇ।