ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਅਗਸਤ
ਆਲ ਮੰਡੀ ਕੰਟਰੈਕਟਰਜ਼ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਪੰਜਾਬ ਭਰ ਦੇ ਠੇਕੇਦਾਰਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਇੱਥੋਂ ਦੇ ਸੈਕਟਰ-65ਏ ਵਿੱਚ ਸਥਿਤ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਬਾਹਰ ਸੂਬਾ ਪੱਧਰੀ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਮੰਡੀ ਬੋਰਡ ਦੇ ਸਕੱਤਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਭੇਜਿਆ। ਇਸ ਉਨ੍ਹਾਂ ਮੰਗ ਕੀਤੀ ਕਿ ਵਿੱਤੀ ਸਾਲ 2022-23 ਦੌਰਾਨ ਝਾੜ-ਫੂਸ ਦੇ ਠੇਕੇ ਜਾਰੀ ਰੱਖੇ ਜਾਣ। ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਕੰਡਾ ਅਤੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ/ਮੰਡੀ ਬੋਰਡ ਵੱਲੋਂ ਈ-ਟੈਂਡਰਿੰਗ ਰਾਹੀਂ ਮੰਡੀਆਂ ਵਿੱਚ ਖੇਤੀਬਾੜੀ ਜਿਣਸਾਂ ਤੋਂ ਨਿਕਲੇ ਝਾੜ-ਫੂਸ ਦੇ ਠੇਕੇ ਰਾਹੀਂ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਪੰਜਾਬ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ਵਿੱਚ ਇਸ ਸਾਲ ਹਾੜ੍ਹੀ/ਸਾਉਣੀ ਸੀਜ਼ਨ ਸਮੇਂ ਜਿਣਸ ’ਚੋਂ ਨਿਕਲੇ ਝਾੜ-ਫੂਸ ਨੂੰ ਚੁੱਕਣ ਲਈ ਲਗਪਗ 16 ਕਰੋੜ ਤੋਂ ਵੱਧ ਰਕਮ ਦਾ ਠੇਕਾ ਕਾਨੂੰਨੀ ਤੌਰ ’ਤੇ ਪ੍ਰੋਫਾਰਮਿਸ ਸਕਿਓਰਿਟੀ ਲੈਣ ਉਪਰੰਤ ਦਿੱਤਾ ਗਿਆ ਹੈ। ਇਸ ਅਨੁਸਾਰ ਇਸ ਠੇਕੇ ਦੀ ਮਿਆਦ 31 ਮਾਰਚ 2023 ਤੱਕ ਹੈ। ਠੇਕੇਦਾਰਾਂ ਵੱਲੋਂ ਕੁੱਲ ਰਕਮ ਦਾ 70 ਫ਼ੀਸਦੀ ਜਮ੍ਹਾਂ ਵੀ ਕਰਵਾਇਆ ਜਾ ਚੁੱਕਾ ਹੈ ਪਰ ਹੁਣ ਮੁੱਖ ਮੰਤਰੀ ਨੇ ਠੇਕਾ ਰੱਦ ਕਰ ਦਿੱਤਾ ਹੈ। ਇਸ ਕਾਰਨ ਠੇਕੇਦਾਰਾਂ ਦਾ 2 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਠੇਕੇਦਾਰਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਵੋਟਾਂ ਦੀ ਰਾਜਨੀਤੀ ਦੇ ਚਲਦਿਆਂ ਸੰਗਰੂਰ ਦੇ ਖ਼ਾਸ ਭਾਈਚਾਰੇ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਉੱਚ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।