ਵਾਸ਼ਿੰਗਟਨ, 24 ਜੂਨ
ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ਵਿਚ ਸਿੱਖ ਦੇ ਰੈਸਟੋਰੈਂਟ ਵਿਚ ਭੰਨਤੋੜ ਕੀਤੀ ਗਈ ਅਤੇ ਇਸ ਦੀਆਂ ਕੰਧਾਂ ‘ਤੇ ਨਫ਼ਰਤ ਭਰੇ ਸੰਦੇਸ਼ ਲਿਖੇ ਗਏ। ਮੰਗਲਵਾਰ ਨੂੰ ਮੀਡੀਆ ਰਿਪੋਰਟ ਅਨੁਸਾਰ ਇੰਡੀਅਨ ਪੈਲੇਸ ਨਾਮ ਦੇ ਰੈਸਟੋਰੈਂਟ ਨੂੰ ਤਕਰੀਬਨ 100,000 ਡਾਲਰ ਦਾ ਨੁਕਸਾਨ ਹੋਇਆ ਹੈ। ਸਥਾਨਕ ਪੁਲੀਸ ਅਤੇ ਐੱਫਬੀਆਈ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸੈਲਡੇਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਐੱਸਐੱਲਡੀਐੱਫ ਦੇ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ, “ਅਜਿਹੀ ਨਫ਼ਰਤ ਅਤੇ ਹਿੰਸਾ ਅਸਵੀਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।” ਸਥਾਨਕ ਅਖਬਾਰ ਅਨੁਸਾਰ ਰੈਸਟੋਰੈਂਟ ਦੇ ਮੇਜ ਉਲਟਾ ਦਿੱਤੇ ਗਏ। ਭਾਂਡੇ ਫਰਸ਼ ‘ਤੇ ਸੁੱਟ ਦਿੱਤੇ, ਸ਼ਰਾਬ ਦੇ ਰੈਕ ਖਾਲੀ ਕਰ ਦਿੱਤੇ, ਇਕ ਦੇਵੀ ਦੀ ਮੂਰਤੀ ਵੀ ਭੰਨ ਦਿੱਤੀ ਤੇ ਕੰਪਿਊਟਰ ਚੋਰੀ ਕਰ ਲਏ। ਰੈਸਟੋਰੈਂਟ ਦੇ ਮਾਲਕ, ਬਲਜੀਤ ਸਿੰਘ ਨੇ ਕਿਹਾ ਕਿ ਉਸ ਮਾਨਸਿਕ ਸੱਟ ਵੱਜੀ ਹੈ ਤੇ ਆਰਥਿਕ ਨੁਕਸਾਨ ਹੋਇਆ ਹੈ।