ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਜਮਹੂਰੀ ਕਿਸਾਨ ਸਭਾ ਪੰਜਾਬ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਤੇ ਸਿੰਜਾਈ ਲਈ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪੁੱਜਦਾ ਕਰਨ ਸਬੰਧੀ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਜਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਮੀਤ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ 10 ਅਗਸਤ ਨੂੰ ਪਠਾਨਕੋਟ ਜ਼ਿਲ੍ਹੇ ਦੇ ਭੀਮਪੁਰ ਈਜੈਕਟਰ ਵਿੱਚ ਮਾਝੇ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਇਹ ਉਹ ਥਾਂ ਹੈ ਜਿੱਥੋਂ ਅਪਰ ਬਾਰੀ ਦੁਆਬ ਨਹਿਰ (ਯੂਬੀਡੀਸੀ) ਦਾ ਪਾਣੀ ਬਿਆਸ ਦਰਿਆ ਵਿਚ ਸੁੱਟ ਕੇ ਸਮੁੱਚੇ ਮਾਝਾ ਖੇਤਰ ਨੂੰ ਨਹਿਰੀ ਸਿੰਜਾਈ ਤੋਂ ਵਾਂਝਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਹੰਬੜਾ ਨੇੜਲੇ ਪਿੰਡ ਵਲੀਪੁਰ ਵਿੱਚ ਇਕੱਠ ਕਰਕੇ ਪ੍ਰਦੂਸ਼ਤ ਪਾਣੀ ਪੈਣ ਤੋਂ ਰੋਕਿਆ ਜਾਵੇਗਾ, ਕਿਉਂਕਿ ਇਸ ਥਾਂ ’ਤੇ ਸਨਅਤਾਂ ਵੱਲੋਂ ਵਰਤਿਆ ਗਿਆ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਅਤੇ ਸੀਵਰੇਜ ਦੀ ਗੰਦਗੀ ਤੇ ਹੋਰ ਰਹਿੰਦ-ਖੂੰਹਦ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ਵਿੱਚ ਰੋੜ੍ਹੀ ਜਾਂਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪਾਣੀ ਦੇ ਪ੍ਰਮੁੱਖ ਕੁਦਰਤੀ ਸੋਮਿਆਂ, ਦਰਿਆਈ, ਬਰਸਾਤੀ ਅਤੇ ਧਰਤੀ ਹੇਠਲੇ ਪਾਣੀ ਦੀ ਰਾਖੀ ਲਈ ਸਰਵ ਪ੍ਰਵਾਨਿਤ ਨੀਤੀ ਬਣਾਵੇ। ਉਨ੍ਹਾਂ ਸੂਬਾ ਸਰਕਾਰ ਨੂੰ ਪੰਜਾਬ ਨਾਲ ਕੀਤੇ ਜਾ ਰਹੇ ਧੱਕਿਆਂ ਖਾਸ ਕਰਕੇ ਡੈਮ ਸੁਰੱਖਿਆ ਐਕਟ ਰਾਹੀਂ ਬੀਬੀਐੱਮਬੀ ਦੇ ਪ੍ਰਬੰਧ ਵਿੱਚੋਂ ਪੰਜਾਬ ਨੂੰ ਬੇਦਖਲ ਕਰਨ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਅੱਠ ਨੂੰ
ਅੰਮ੍ਰਿਤਸਰ (ਟ.ਨ.ਸ.): ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿਚ ਪੈਦਾ ਹੋਏ ਪਾਣੀ ਦੇ ਸੰਕਟ ਦੇ ਹੱਲ ਲਈ ਸ਼ੁਰੂ ਕੀਤੀ ਜੱਦੋ-ਜਹਿਦ ਤਹਿਤ ਹੁਣ ਜਥੇਬੰਦੀ ਵੱਲੋਂ 8 ਅਗਸਤ ਨੂੰ ਪੰਜਾਬ ਭਰ ਵਿੱਚ ਮੋਟਰਸਾਈਕਲ, ਟਰੈਕਟਰ ਤੇ ਹੋਰ ਵਹੀਕਲਾਂ ਨਾਲ ਮਾਰਚ ਕੱਢ ਕੇ ਵਿਧਾਇਕਾਂ, ਮੰਤਰੀਆਂ ਤੇ ਲੋਕ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਹ ਖੁਲਾਸਾ ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਸੂਬਾ ਜਨਰਲ ਸਕੱਤਰ ਸਤਬਿੀਰ ਸਿੰਘ ਸੁਲਤਾਨੀ, ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਨੇ ਇਸ ਸਬੰਧੀ ਜੂਨ ਤੋਂ ਸੰਘਰਸ਼ ਵਿੱਢਿਆ ਹੋਇਆ ਹੈ।