ਪੱਤਰ ਪ੍ਰੇਰਕ
ਨੂਰਪੁਰ ਬੇਦੀ, 18 ਅਪਰੈਲ
ਨਜ਼ਦੀਕੀ ਪਿੰਡ ਥਾਣਾ ਦੇ ਮ੍ਰਿਤਕ ਵਿਸ਼ਵਜੀਤ ਸਿੰਘ ਦੇ ਮਾਪਿਆਂ ਨੇ ਹੁਸ਼ਿਆਰਪੁਰ ਪੁਲੀਸ ਤੋਂ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਆਪਣੇ ਘਰ ਪ੍ਰੈੱਸ ਕਾਨਫਰੰਸ ਵਿੱਚ ਹਰਜਿੰਦਰ ਸਿੰਘ ਅਤੇ ਰਾਕੇਸ਼ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਵਿਸ਼ਵਜੀਤ ਸਿੰਘ ਦਾ ਗੜ੍ਹਸ਼ੰਕਰ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਕੁਨੈਲ ਨਜ਼ਦੀਕ ਕਥਿਤ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਸੂਚਨਾ 10 ਫਰਵਰੀ ਨੂੰ ਪੁਲੀਸ ਦੇ ਇੱਕ ਏਐੱਸਆਈ ਕੇਸਰ ਸਿੰਘ ਵੱਲੋਂ ਦਿੱਤੀ ਗਈ ਸੀ। ਪਿਤਾ ਮੁਤਾਬਕ ਵਿਸ਼ਵਜੀਤ ਸਿੰਘ ਦੇ ਦੋਸਤ ਕਰਨ ਅੇ ਪਰਮਿੰਦਰ ਸਿੰਘ ਵਾਸੀ ਮਾਣਕੂ ਮਾਜਰਾ ਪੁਲੀਸ ਥਾਣਾ ਨੂਰਪੁਰ ਬੇਦੀ ਉਸ ਨੂੰ 7 ਫਰਵਰੀ ਲੈ ਗਏ ਸੀ, ਜਿਨ੍ਹਾਂ ਉਸ ਕਥਿਤ ਤੌਰ ’ਤੇ ਉਸ ਦਾ ਕਤਲ ਕਰ ਦਿੱਤਾ। ਹਰਜਿੰਦਰ ਸਿੰਘ ਕਥਿਤ ਦੋਸ਼ ਲਾਇਆ ਕੁਝ ਸਿਆਸੀ ਆਗੂ ਵਿਸ਼ਵਜੀਤ ਦੇ ਕਥਿਤ ਕਾਤਲਾਂ ਨੂੰ ਬਚਾਅ ਰਹੇ ਹਨ ਅਤੇ ਗੜ੍ਹਸ਼ੰਕਰ ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਐੱਸਐੱਸਪੀ ਹੁਸ਼ਿਆਰਪੁਰ, ਡੀਐੱਸਪੀ ਗੜ੍ਹਸ਼ੰਕਰ ਨੂੰ ਪੱਤਰ ਮੇਲ ਕੀਤੇ ਹਨ। ਦੂਜੇ ਪਾਸੇ ਥਾਣਾ ਗੜ੍ਹਸ਼ੰਕਰ ਦੇ ਮੁਣਸ਼ੀ ਅਮਰੀਕ ਸਿੰਘ ਨੇ ਕਿਹਾ ਕਿ ਉਕਤ ਕਤਲ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਬਣੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।