ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਗਸਤ
ਪੰਜਾਬ ਪੁਲੀਸ ਨੇ ਗੁਜਰਾਤ ਪੁਲੀਸ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਗੈਂਗਸਟਰਾਂ ਦੇ ਨਾਂ ’ਤੇ ਪੰਜਾਬ ਵਿੱਚੋਂ ਲੋਕਾਂ ਨੂੰ ਡਰਾ ਕੇ ਫਿਰੌਤੀ ਮੰਗ ਰਿਹਾ ਸੀ। ਮੁਲਜ਼ਮ ਦੀ ਪਛਾਣ ਮਜ਼ਹਰ ਖਾਨ ਵਜੋਂ ਹੋਈ ਹੈ। ਇਸ ਸਬੰਧ ਵਿੱਚ ਪੰਜਾਬ ਪੁਲੀਸ ਨੇ ਪਹਿਲਾਂ ਬਿਹਾਰ ਪੁਲੀਸ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ ਬਿਹਾਰ ਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੀ ਸ਼ਨਾਖਤ ਪਰਨੀਸ਼ ਕੁਮਾਰ ਤੇ ਵਿਕਾਸ ਕੁਮਾਰ ਵਜੋਂ ਹੋਈ ਸੀ। ਇਨ੍ਹਾਂ ਦੋਵਾਂ ਨੂੰ ਕੱਲ੍ਹ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਇਨ੍ਹਾਂ ਕੋਲੋਂ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਗਰੋਹ ਦਾ ਸਰਗਨਾ ਮਜ਼ਹਰ ਖ਼ਾਨ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਟੀਮ ਗੁਜਰਾਤ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਮਜ਼ਹਰ ਖਾਨ ਨੂੰ ਭਲਕੇ ਟਰਾਂਜ਼ਿਟ ਰਿਮਾਂਡ ’ਤੇ ਅੰਮ੍ਰਿਤਸਰ ਲਿਆਂਦਾ ਜਾਵੇਗਾ। ਮਜ਼ਹਰ ਖਾਨ ਆਪਣੇ ਆਪ ਨੂੰ ਗੈਂਗਸਟਰ ਦੱਸ ਕੇ ਪੰਜਾਬ ’ਚ ਡਾਕਟਰਾਂ, ਵਪਾਰੀਆਂ, ਸਿਆਸਤਦਾਨਾਂ ਤੇ ਹੋਰਨਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗ ਰਿਹਾ ਸੀ। ਇਹ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਆਦਿ ਗੈਂਗਸਟਰਾਂ ਦਾ ਸਹਿਯੋਗੀ ਦੱਸ ਕੇ ਡਰਾ ਰਿਹਾ ਸੀ। ਇਸ ਸਬੰਧੀ ਇੱਥੋਂ ਦੇ ਡਾ. ਰਜਨੀਸ਼ ਸ਼ਰਮਾ, ਡਾ. ਮਨਨ ਆਨੰਦ ਤੋਂ ਇਲਾਵਾ ਕਈ ਵਪਾਰੀਆਂ ਨੂੰ ਵੀ ਧਮਕੀ ਤੇ ਫਿਰੌਤੀ ਵਾਲੇ ਫੋਨ ਆਏ ਸਨ।